ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਜੁਲਾਈ
ਛੇੜਛਾੜ ਦਾ ਝੂਠਾ ਕੇਸ ਦਰਜ ਕਰਾਊਣ ਤੇ ਫਿਰ ਪੈਸੇ ਲੈ ਕੇ ਰਾਜੀਨਾਮਾ ਕਰਾਉਣ ਦੇ ਦੋਸ਼ ਹੇਠ ਪੁਲੀਸ ਨੇ ਮਹਿਲਾ ਏਐੱਸਆਈ ਸਣੇ ਦੋ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਆਸਥਾ ਮੋਦੀ ਨੇ ਦਸਿੱਆ ਕਿ ਬੀਤੇ ਦਿਨ ਤਰੁਣ ਨਿਵਾਸੀ ਪਿੰਡ ਕਾਛਵਾ ਜ਼ਿਲ੍ਹਾ ਕਰਨਾਲ ਨੇ ਪੁਲੀਸ ਕਪਤਾਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦਸਿੱਆ ਸੀ ਕਿ ਪਾਲ ਨਗਰ ਕਾਛਵਾ ਰੋਡ ’ਤੇ ਉਸ ਦੀ ਟਾਈਲ ਸੀਮੈਂਟ ਦੀ ਦੁਕਾਨ ਹੈ ਤੇ ਉਸ ਦੇ ਪਿਤਾ ਜੈ ਸਿੰਘ ਖ਼ਿਲਾਫ਼ ਬਾਲਾ ਦੇਵੀ ਨਿਵਾਸੀ ਕੁਰੂਕਸ਼ੇਤਰ ਨੇ ਛੇੜਖਾਨੀ ਕਰਨ ਦਾ ਝੂਠਾ ਕੇਸ ਦਰਜ ਕਰਵਾਇਆ ਹੈ ਤੇ ਬਾਲਾ ਦੇਵੀ ਪੈਸੇ ਲੈ ਕੇ ਰਾਜੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਊਹ ਆਪਣੇ ਦੋਸਤ ਨਾਲ ਬਾਲਾ ਦੇਵੀ ਨੂੰ 30 ਹਜ਼ਾਰ ਰੁਪਏ ਫੜਾਊਣ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਨੇ ਜਾਂਚ ਲਈ ਉਪ-ਪੁਲੀਸ ਕਪਤਾਨ ਰਵਿੰਦਰ ਤੋਮਰ ਨੂੰ ਨਿਯੁਕਤ ਕੀਤਾ। ਸ੍ਰੀ ਤੋਮਰ ਨੇ ਆਪਣੀ ਟੀਮ ਤਿਆਰ ਕਰਕੇ ਸ਼ਿਕਾਇਤਕਰਤਾ ਨੂੰ ਪੈਸੇ ਦੇਣ ਲਈ ਭੇਜਿਆ, ਜਿਸ ਮਗਰੋਂ ਪੁਲੀਸ ਟੀਮ ਨੇ ਇਸ਼ਾਰਾ ਮਿਲਦੇ ਹੀ ਦੱਸੇ ਪਤੇ ’ਤੇ ਰੇਡ ਮਾਰ ਕੇ ਬਾਲਾ ਦੇਵੀ ਨੂੰ 30 ਹਜ਼ਾਰ ਰੁਪਏ ਸਣੇ ਕਾਬੂ ਕੀਤਾ। ਜਿਸ ਮੋਬਾਈਲ ਨੰਬਰ ’ਤੇ ਸ਼ਿਕਾਇਤਕਰਤਾ ਦੀ ਗੱਲ ਹੋਈ ਸੀ, ਉਹ ਫੋਨ ਪੁਲੀਸ ਨੇ ਮਹਿਲਾ ਏਐੱਸਆਈ ਕੈਲਾਸ਼ ਕੌਰ ਕੋਲੋਂ ਬਰਾਮਦ ਕੀਤਾ ਤੇ ਜਿਸ ਮਕਾਨ ਚ ਰਾਜੀਨਾਮਾ ਕਰਾਉਣ ਲਈ ਪੈਸੇ ਮੰਗਵਾਏ ਗਏ ਸਨ ਉਹ ਵੀ ਕੈਲਾਸ਼ ਕੌਰ ਦਾ ਸੀ। ਪੁਲੀਸ ਨੇ ਦੋਵੇਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਕੇ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ, ਜਿਥੋਂ ਉਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।