ਟੋਹਾਣਾ (ਪੱਤਰ ਪ੍ਰੇਰਕ):
ਨਰਵਾਨਾ ਹਲਕੇ ਦੇ ਵਿਧਾਇਕ ਰਾਮਨਿਵਾਸ ਸੁਰਜਾਖੇੜਾ ਦੇ ਘਰ ਵਿੱਚ ਜਬਰੀ ਦਾਖਲ ਹੋ ਕੇ ਜਾਨ ਤੋਂ ਮਾਰਨ ਅਤੇ ਜਾਤੀ ਸੂਚਕ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਨਰਵਾਨਾ ਪੁਲੀਸ ਨੇ ਅਨਿਲ ਵਾਸੀ ਹਮੀਰਗੜ੍ਹ ਪੰਜਾਬ ਤੇ ਜੈਵੀਰ ਵਾਸੀ ਇਸਮਾਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਧਾਇਕ ਰਾਮਨਿਵਾਸ ਸੁਰਜਾਖੇੜਾ ਦੇ ਸਹਿਯੋਗੀ ਲਵਲੇਸ਼ ਸ਼ੁਕਲਾ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਸਥਾਨਕ ਪੁਲੀਸ ਕਾਰਵਾਈ ਕੀਤੀ ਹੈ। ਲਵਲੇਸ਼ ਸ਼ੁਕਲਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਵਿਧਾਇਕ ਦਾ ਦਫ਼ਤਰ ਉਨ੍ਹਾਂ ਦੇ ਘਰ ਵਿੱਚ ਹੀ ਹੈ, ਜਿੱਥੇ ਉਹ ਬੈਠੇ ਸਨ ਤਾਂ ਇਸ ਦੌਰਾਨ ਦੋਵੇਂ ਮੁਲਜ਼ਮ ਬਗੈਰ ਇਜਾਜ਼ਤ ਤੋਂ ਅੰਦਰ ਦਾਖਲ ਹੋ ਗਏ ਅਤੇ ਆਉਂਦੇ ਹੀ ਗਾਲੀ ਗਲੋਚ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਇਸੇ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।