ਪ੍ਰਭੂ ਦਿਆਲ
ਸਿਰਸਾ, 31 ਮਾਰਚ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਤੀ ਜਾ ਰਹੀ ਮੁਸਤੈਦੀ ਤਹਿਤ ਪੁਲੀਸ ਨੇ ਪੰਜਾਬ ਤੋਂ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਦੀਆਂ 264 ਪੇਟੀਆਂ ਸਣੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸ਼ਰਾਬ ਦੀ ਕੀਮਤ ਕਰੀਬ 13 ਲੱਖ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਥਾਣਾ ਸਿੰਘ ਤੇ ਲਖਵਿੰਦਰ ਸਿੰਘ ਵਾਸੀ ਮਾਨਸ਼ਾਹੀਆ ਬਸਤੀ, ਜ਼ੀਰਾ ਵਜੋਂ ਕੀਤੀ ਗਈ ਹੈ। ਸੀਆਈਏ ਥਾਣਾ ਪੁਲੀਸ ਦੇ ਇੰਚਾਰਜ ਨੇ ਦੱਸਿਆ ਹੈ ਕਿ ਪੁਲੀਸ ਦੀਆਂ ਦੋ ਟੀਮਾਂ ਬਾਜੇਕਾਂ ਤੇ ਖੈਰੇਕਾਂ ਨੇੜੇ ਗਸ਼ਤ ਕਰ ਰਹੀਆਂ ਸਨ ਤਾਂ ਪੁਲੀਸ ਨੂੰ ਅਹਿਮ ਸੂਚਨਾ ਮਿਲੀ ਕਿ ਪੰਜਾਬ ਵੱਲੋਂ ਦੋ ਵਾਹਨਾਂ ’ਤੇ ਨਾਜਾਇਜ਼ ਸ਼ਰਾਬ ਲਿਆਂਦੀ ਜਾ ਰਹੀ ਹੈ। ਜਿਸ ਮਗਰੋਂ ਪੁਲੀਸ ਨੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤੇ ਇਕ ਪਿੱਕਅਪ ਗੱਡੀ ਨੂੰ ਰੁਕਵਾ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 106 ਪੇਟੀਆਂ ਅੰਗਰਜ਼ੀ ਸ਼ਰਾਬ ਦੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਖੈਰੇਕਾਂ ਨੇੜੇ ਘੱਗਰ ਪੁਲ ’ਤੇ ਲਾਏ ਗਏ ਨਾਕੇ ਦੌਰਾਨ ਇਕ ਵਾਹਨ ਵਿਚੋਂ 158 ਪੇਟੀਆਂ ਅੰਗਰਜ਼ੀ ਸ਼ਰਾਬ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।