ਰਤਨ ਸਿੰਘ ਢਿੱਲੋਂ
ਅੰਬਾਲਾ, 22 ਅਗਸਤ
ਅੰਬਾਲਾ ਛਾਉਣੀ ਬੱਸ ਅੱਡੇ ਦੇ ਕੰਪਲੈਕਸ ਵਿੱਚ ਖੜ੍ਹੀਆਂ ਦੋ ਕਾਰਾਂ ਨੂੰ ਲੰਘੀ ਦੇਰ ਰਾਤ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕਾਰਾਂ ਬੁਰੀ ਤਰ੍ਹਾਂ ਸੜ ਗਈਆਂ ਜਦਕਿ ਫਾਇਰ ਬ੍ਰਿਗੇਡ ਦੇ ਜਵਾਨਾਂ ਦੀ ਕੋਸ਼ਿਸ਼ ਸਦਕਾ ਤੀਜੀ ਕਾਰ ਨੂੰ ਸੜਨ ਨੇ ਬਚਾਅ ਲਿਆ ਗਿਆ। ਇਹ ਕਾਰਾਂ ਪੁਲੀਸ ਵੱਲੋਂ ਜ਼ਬਤ ਕੀਤੇ ਜਾਣ ਮਗਰੋਂ ਇੱਥੇ ਖੜ੍ਹੀਆਂ ਕੀਤੀਆਂ ਹੋਈਆਂ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪਹਿਲਾਂ ਲਾਲ ਕੁੜਤੀ ਪੁਲੀਸ ਚੌਕੀ ਬੱਸ ਸਟੈਂਡ ਦੇ ਵਿਹੜੇ ਵਿੱਚ ਹੁੰਦੀ ਸੀ। ਹੁਣ ਪੁਲੀਸ ਚੌਕੀ ਭਾਵੇਂ ਕਿ ਇੱਥੋਂ ਕਿਤੇ ਹੋਰ ਤਬਦੀਲ ਹੋ ਚੁੱਕੀ ਹੈ ਪ੍ਰੰਤੂ ਪੁਲੀਸ ਵੱਲੋਂ ਜ਼ਬਤ ਕੀਤੇ ਜਾਂਦੇ ਵਾਹਨ ਅਜੇ ਵੀ ਇੱਥੇ ਹੀ ਖੜ੍ਹੇ ਕੀਤੇ ਜਾਂਦੇ ਹਨ। ਲੰਘੀ ਰਾਤ ਇੱਥੇ ਖੜ੍ਹੇ ਵਾਹਨਾਂ ਵਿੱਚੋਂ ਪਹਿਲਾਂ ਅਚਾਨਕ ਇਕ ਕਾਰ ਨੂੰ ਅੱਗ ਲੱਗ ਗਈ। ਉਸ ਵਿਚੋਂ ਉੱਠੀਆਂ ਲਪਟਾਂ ਨਾਲ ਦੂਜੀ ਕਾਰ ਨੂੰ ਵੀ ਅੱਗ ਲੱਗ ਗਈ ਅਤੇ ਇਹ ਦੋਵੇਂ ਕਾਰਾਂ ਧੂਹ-ਧੂਹ ਕਰ ਕੇ ਸੜਨ ਲੱਗੀਆਂ। ਇਨ੍ਹਾਂ ਸੜਦੀਆਂ ਕਾਰਾਂ ਨੂੰ ਦੇਖਣ ਵਾਲਿਆਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ। ਅੱਧੇ ਘੰਟੇ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੜੀ ਮਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਤੀਜੀ ਕਾਰ ਨੂੰ ਸੜਨ ਤੋਂ ਬਚਾਅ ਲਿਆ। ਸੂਤਰਾਂ ਅਨੁਸਾਰ ਇਨ੍ਹਾਂ ਸੜੀਆਂ ਕਾਰਾਂ ਵਿਚੋਂ ਇਕ ਦਿੱਲੀ ਅਤੇ ਦੂਜੀ ਚੰਡੀਗੜ੍ਹ ਦੀ ਕਾਰ ਹੈ ਜੋ ਹਾਦਸੇ ਵਿੱਚ ਮੌਤ ਹੋਣ ਮਗਰੋਂ ਪੁਲੀਸ ਨੇ ਕਬਜ਼ੇ ਵਿਚ ਲੈ ਲਈਆਂ ਸਨ।