ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਜੁਲਾਈ
ਇੱਥੋਂ ਨੇੜਲੇ ਪਿੰਡ ਬਹਿਲੋਲਪੁਰ ਵਿਚ ਵਧਾਈ ਮੰਗਣ ਦੇ ਮਾਮਲੇ ਨੂੰ ਲੈ ਕੇ ਕਿੰਨਰ ਸਮਾਜ ਦੇ ਦੇ ਦੋ ਗੁੱਟਾਂ ਵਿਚਕਾਰ ਹੋਏ ਝਗੜੇ ਵਿਚ ਕਈ ਕਿੰਨਰ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿੰਨਰ ਸਮਾਜ ਦੀ ਮਹੰਤ ਚੇਲਾ ਸੋਨੀਆ ਮਹੰਤ ਦੀ ਸ਼ਿਕਾਇਤ ’ਤੇ ਕਿੰਨਰ ਕਾਜਲ ਮਹੰਤ ਦੇ ਚੇਲਾ ਜਟੀ, ਮਾਹੀ, ਦਲਜੀਤ, ਉਰਫ ਸੋਨੂੰ, ਕੁਲਵੰਤ ਸਣੇ ਤਿੰਨ ਚਾਰ ਹੋਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਸੋਨੀਆ ਮਹੰਤ ਡੇਰਾ ਬਾਬੈਨ ਨੇ ਦੋਸ਼ ਲਾਇਆ ਕਿ ਉਹ ਆਪਣੀ ਚੇਲੀ ਡੋਲੀ, ਕਨਿਕਾ ਤੇ ਇਕਲਾਖ ਨਾਲ ਪਿੰਡ ਬਹਿਲੋਲਪੁਰ ਵਿਚ ਵਧਾਈ ਮੰਗਣ ਗਏ ਸੀ। ਉਸੇ ਵੇਲੇ ਕਿੰਨਰ ਕਾਜਲ ਮਹੰਤ ਦੇ ਚੇਲੇ ਜਟੀ, ਮਾਹੀ ,ਦਲਜੀਤ ਉਰਫ ਸੋਨੂੰ, ਕੁਲਵੰਤ ਸਣੇ ਤਿੰਨ ਚਾਰ ਜਣੇ ਹੋਰ ਆ ਗਏ ਤੇ ਉਨ੍ਹਾਂ ਨਾਲ ਬਿਨਾਂ ਵਜ੍ਹਾ ਗਾਲ਼ੀ ਗਲੋਚ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਖਲਾਕ ਨੂੰ ਸੱਟਾਂ ਵੱਜੀਆਂ ਤੇ ਮੁਲਜ਼ਮ ਉਥੋਂ ਫ਼ਰਾਰ ਹੋ ਗਏ।