ਸਰਬਜੋਤ ਸਿੰਘ ਦੁੱਗਲ
ਕਰਨਾਲ, 28 ਅਕਤੂਬਰ
ਕੌਮੀ ਸ਼ਾਹਰਾਹ ’ਤੇ ਨਮਸਤੇ ਚੌਕ ਨੇੜੇ ਡਬਲ ਡੈਕਰ ਟੂਰਿਸਟ ਬੱਸ ਬੇਕਾਬੂ ਹੋ ਕੇ ਖੜ੍ਹੀ ਟਰਾਲੀ ਨਾਲ ਟਕਰਾ ਗਈ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਹਾਦਸਾ ਹੁੰਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਬੱਸ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ। ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪੁੱਜੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਇੱਕ ਟੂਰਿਸਟ ਬੱਸ ਕਸ਼ਮੀਰ ਤੋਂ ਦਿੱਲੀ ਜਾ ਰਹੀ ਸੀ। ਕਰਨਾਲ ਦੇ ਨਮਸਤੇ ਚੌਕ ’ਤੇ ਫਲਾਈਓਵਰ ’ਤੇ ਇਸ ਟੂਰਿਸਟ ਬੱਸ ਦੀ ਖਰਾਬ ਖੜ੍ਹੀ ਟਰਾਲੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰਾਲੀ ਬੱਸ ਦੇ ਅੰਦਰ 6 ਫੁੱਟ ਤੱਕ ਧਸ ਗਈ ਜਿਸ ਕਾਰਨ ਬੱਸ ਦੇ ਡਰਾਈਵਰ ਅਰਵਿੰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕੰਡਕਟਰ ਵਿੱਕੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਹ ਦੋਵੇਂ ਪਠਾਨਕੋਟ ਦੇ ਰਹਿਣ ਵਾਲੇ ਸਨ। ਇਸ ਮੌਕੇ ਯਾਤਰੀਆਂ ਨੂੰ ਟੂਰਿਸਟ ਬੱਸ ‘ਚੋਂ ਬਾਹਰ ਕੱਢਣਾ ਮੁਸ਼ਕਿਲ ਹੋ ਗਿਆ ਕਿਉਂਕਿ ਬੱਸ ਦਾ ਇੱਕ ਹੀ ਦਰਵਾਜ਼ਾ ਸੀ ਅਤੇ ਉਹ ਨੁਕਸਾਨਿਆ ਗਿਆ ਸੀ। ਇਸ ਲਈ ਸਵਾਰੀਆਂ ਨੂੰ ਬੱਸ ਦੀ ਖਿੜਕੀ ਤੋੜ ਕੇ ਬਾਹਰ ਕੱਢਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਟਰਾਲੀ ਦਾ ਟਾਇਰ ਫਟ ਗਿਆ ਸੀ। ਟਰਾਲੀ ਵਾਲੇ ਨੇ ਕੋਈ ਸੰਕੇਤ ਵੀ ਨਹੀਂ ਲਾਇਆ ਸੀ ਜਿਸ ਕਾਰਨ ਹਾਦਸਾ ਵਾਪਰਿਆ। ਬੱਸ ਵਿੱਚ 30-35 ਸਵਾਰੀਆਂ ਸਨ। ਹਾਈਵੇਅ ‘ਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ। ਕਰੀਬ 12 ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।