ਸਤਪਾਲ ਰਾਮਗੜ੍ਹੀਆ
ਪਿਹੋਵਾ, 30 ਦਸੰਬਰ
ਸੰਘਣੀ ਧੁੰਦ ਕਾਰਨ ਪਿੰਡ ਤਲਹੇੜੀ ਟਿੱਕਰੀ ਰੋਡ ’ਤੇ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਤੀਜਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ’’ਤੇ ਪਹੁੰਚੀ, ਜਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਰਮਨਦੀਪ (18) ਪਿੰਡ ਚਨਾਲਹੇੜੀ ਅਤੇ ਵਿੱਕੀ (19) ਡੇਰਾ ਗੁਰਦਿਆਲਪੁਰਾ ਚਨਾਲਹੇੜੀ ਵਜੋਂ ਹੋਈ ਹੈ। ਉਨ੍ਹਾਂ ਦਾ ਤੀਜਾ ਸਾਥੀ ਰਾਹੁਲ ਗੰਭੀਰ ਜ਼ਖ਼ਮੀ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਮਨਦੀਪ ਆਈਟੀਆਈ ਦਾ ਵਿਦਿਆਰਥੀ ਸੀ। ਰਮਨਦੀਪ, ਵਿੱਕੀ ਅਤੇ ਰਾਹੁਲ ਤਿੰਨੋਂ ਮੋਟਰਸਾਈਕਲ ’ਤੇ ਕਿਸੇ ਕੰਮ ਲਈ ਗਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਅਤੇ ਰਾਹੁਲ ਵੇਟਰ ਦਾ ਕੰਮ ਕਰਦੇ ਸਨ ਅਤੇ ਰਮਨਦੀਪ ਪਹਿਲੇ ਦਿਨ ਉਨ੍ਹਾਂ ਨਾਲ ਕੰਮ ’ਤੇ ਗਿਆ ਸੀ। ਜਦੋਂ ਉਹ ਦੇਰ ਸ਼ਾਮ ਘਰ ਵਾਪਸ ਆ ਰਹੇ ਸਨ ਤਾਂ ਪਿੰਡ ਟਿੱਕਰੀ ਤੋਂ ਤਲਹੇੜੀ ਵੱਲ ਆਉਂਦੇ ਸਮੇਂ ਸੰਘਣੀ ਧੁੰਦ ਕਾਰਨ ਇਕ ਕਾਰ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੇ ਅਤੇ ਨੇੜਿਓਂ ਲੰਘ ਰਹੀ ਟਰੈਕਟਰ ਟਰਾਲੀ ਨਾਲ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਦਲੇਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ। ਕਾਰ ਚਾਲਕ ਦੀ ਪਛਾਣ ਹੋ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ ਹੈ।