ਪੱਤਰ ਪ੍ਰੇਰਕ
ਪਾਣੀਪਤ, 10 ਫਰਵਰੀ
ਸਮਾਲਖਾਂ ਨੇੜੇ ਦੇਰ ਰਾਤ ਕਾਰ ਨਹਿਰ ਵਿੱਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਚਾਲਕ ਬਚ ਗਿਆ। ਜਾਣਕਾਰੀ ਅਨੁਸਾਰ ਇਹ ਚਾਰੋਂ ਪਾਣੀਪਤ ਰਿਫਾਈਨਰੀ ਦੀ ਆਊਟਸੋਰਸਿੰਗ ਕੰਪਨੀ ਵਿੱਚ ਮੁਲਾਜ਼ਮ ਸਨ। ਹਾਦਸੇ ਮਗਰੋਂ ਰਾਹਗੀਰਾਂ ਨੇ ਤਿੰਨ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ। ਮ੍ਰਿਤਕਾਂ ਦੀ ਪਛਾਣ ਜੀਂਦ ਦੇ ਪਿੰਡ ਸਿੰਘਾਨਾ ਨਿਵਾਸੀ ਵੀਨੂੰ ਉਰਫ ਸਤੀਸ਼ (24), ਨਾਮੁੰਡਾ ਨਿਵਾਸੀ ਦੁਸ਼ਾਲ ਅਤੇ ਪਵਨ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦਾ ਚੌਥਾ ਸਾਥੀ ਅਮਿਤ ਹਾਦਸੇ ਵਿੱਚ ਬਚ ਗਿਆ। ਇਹ ਚਾਰੋਂ ਆਪਣੇ ਦੋਸਤ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਏ ਸਨ। ਵਿਆਹ ਤੋਂ ਦੇਰ ਰਾਤ ਪਰਤਦਿਆਂ ਪਿੰਡ ਬੁਡਸ਼ਾਮ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਜਿਸ ਕਾਰਨ ਤਿੰਨ ਜਣਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਕਾਰ ਚਲਾ ਰਿਹਾ ਅਮਿਤ ਬਚ ਗਿਆ।