ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਜੂਨ
ਪਿੰਡ ਕੰਦੋਲੀ ਵਿਚ ਨਾਮ ਚਰਚਾ ਘਰ ਤੋਂ ਮਹਿਜ਼ 200 ਮੀਟਰ ਦੂਰ ਠੇਕਾ ਖੁੱਲ੍ਹਣ ਕਾਰਨ ਪਿੰਡ ਵਾਸੀਆਂ ਤੇ ਡੇਰਾ ਪ੍ਰੇਮੀਆਂ ਵਿੱਚ ਰੋਸ ਹੈ। ਇਸ ਦੌਰਾਨ ਠੇਕੇ ‘ਤੇ ਪਿੰਡ ਦੀਆਂ ਔਰਤਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ। ਮੌਕੇ ‘ਤੇ ਪੁੱਜੀ ਪੁਲੀਸ ਨੇ ਹੰਗਾਮਾ ਕਰ ਰਹੇ ਲੋਕਾਂ ਅਤੇ ਠੇਕੇਦਾਰਾਂ ਨੂੰ ਸਮਝਾਇਆ ਪਰ ਦੋਵੇਂ ਧਿਰਾਂ ਨੇ ਪੁਲੀਸ ਦੀ ਇੱਕ ਨਾ ਸੁਣੀ। ਕਾਫੀ ਬਹਿਸ ਮਗਰੋਂ ਠੇਕੇ ‘ਤੇ ਸ਼ਰਾਬ ਦੀ ਵਿਕਰੀ ਬੰਦ ਕਰਵਾਈ ਗਈ।
ਧਰਨਾਕਾਰੀ ਔਰਤਾਂ ਨੇ ਕਿਹਾ ਕਿ ਸ਼ਾਹਬਾਦ-ਲਾਡਵਾ ਰੋਡ ‘ਤੇ ਪਿੰਡ ਕੰਦੋਲੀ ਨੂੰ ਜਾਣ ਵਾਲੀ ਸੜਕ ‘ਤੇ ਠੇਕਾ ਖੁੱਲ੍ਹਣ ਕਾਰਨ ਕੰਦੋਲੀ, ਭੁਖੜੀ, ਕਾਲੀ ਰਾਣੋ, ਰਾਮ ਨਗਰ ਆਦਿ ਪਿੰਡਾਂ ਦੇ ਲੋਕਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਠੇਕਾ ਚੁਕਵਾਉਣ ਲਈ ਮਤਾ ਪਾਇਆ ਹੋਇਆ ਹੈ। ਡੇਰਾ ਪ੍ਰੇਮੀਆਂ ਨੇ ਕਿਹਾ ਕਿ ਪਿੰਡ ਕੰਦੋਲੀ ਦੇ ਬੱਸ ਅੱਡੇ ਨੇੜੇ ਨਾਮ ਚਰਚਾ ਘਰ ਬਣਿਆ ਹੋਇਆ ਹੈ, ਜਿੱਥੇ ਐਤਵਾਰ ਨੂੰ ਦੂਰੋਂ ਨੇੜਿਓਂ ਸੰਗਤ ਨਾਮ ਸਿਮਰਨ ਲਈਂ ਆਉਂਦੀ ਹੈ। ਨਾਮ ਚਰਚਾ ਘਰ ਤੋਂ ਠੇਕਾ ਸਿਰਫ 200 ਮੀਟਰ ਦੀ ਦੂਰੀ ‘ਤੇ ਹੈ, ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਐਕਸਾਈਜ਼ ਵਿਭਾਗ ਦੇ ਨਿਯਮਾਂ ਮੁਤਾਬਕ ਖੋਲ੍ਹਿਆ ਗਿਐ ਠੇਕਾ: ਠੇਕੇਦਾਰ
ਠੇਕੇਦਾਰ ਨੇ ਕਿਹਾ ਕਿ ਉਸ ਕੋਲ ਠੇਕਾ ਖੋਲ੍ਹਣ ਦੇ ਪੂਰੇ ਦਸਤਾਵੇਜ਼ ਹਨ। ਠੇਕਾ ਐਕਸਾਈਜ਼ ਵਿਭਾਗ ਦੇ ਨਿਯਮਾਂ ਮੁਤਾਬਕ ਹੀ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਗਾਰੰਟੀ ਦਿੰਦੇ ਹਨ ਕਿ ਭਵਿੱਖ ਵਿੱਚ ਉਹ ਇੱਥੇ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਹੋਣ ਦੇਣਗੇ।