ਨਿੱਜੀ ਪੱਤਰ ਪ੍ਰੇਰਕ
ਸਿਰਸਾ, 25 ਜਨਵਰੀ
ਇੱਥੋਂ ਦੇ ਇਕ ਨਿੱਜੀ ਹਸਪਤਾਲ ਦੀ ਮਹਿਲਾ ਡਾਕਟਰ ਵੱਲੋਂ ਕਿਸਾਨ ਆਗੂ ਸਮੇਤ ਪਿੰਡ ਵੈਦਵਾਲਾ ਦੇ ਕਈ ਲੋਕਾਂ ’ਤੇ ਦਰਜ ਕਰਵਾਏ ਗਏ ਪਰਚੇ ਨੂੰ ਰੱਦ ਕਰਵਾਉਣ ਲਈ ਅੱਜ ਕਿਸਾਨ ਜਥੇਬੰਦੀਆਂ ਨਾਲ ਜੁੜੇ ਸੈਂਕੜੇ ਲੋਕਾਂ ਨੇ ਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਦੋ ਦਿਨਾਂ ’ਚ ਝੂਠਾ ਪਰਚਾ ਰੱਦ ਕਰਨ, ਪਿੰਡ ਦੀ ਪੰਚਾਇਤ ਤੇ ਹੋਰ ਲੋਕਾਂ ਨੂੰ ਮੰਦਾ ਬੋਲਣ ’ਤੇ ਝੂਠਾ ਪਰਚਾ ਦਰਜ ਕਰਵਾਉਣ ਵਾਲੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਆਗੂ ਤੇ ਹੋਰਾਂ ਖ਼ਿਲਾਫ਼ ਦਰਜ ਕੀਤਾ ਪਰਚਾ ਰੱਦ ਨਾ ਹੋਇਆ ਤਾਂ ਦੋ ਦਿਨਾਂ ਬਾਅਦ ਤਿੱਖਾ ਅੰਦੋਲਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਵੈਦਵਾਲਾ ਦੇ ਕੱਬਡੀ ਖਿਡਾਰੀ ਜਗਤਾਰ ਸਿੰਘ ਦੇ ਗੋਢੇ ਦਾ ਡੱਬਵਾਲੀ ਰੋਡ ਸਥਿਤ ਗਿੱਲ ਹਸਪਤਾਲ ਦੇ ਸੰਚਾਲਕ ਵੱਲੋਂ ਕੁਝ ਸਮਾਂ ਪਹਿਲਾਂ ਅਪਰੇਸ਼ਨ ਕੀਤਾ ਗਿਆ ਸੀ। ਜਗਤਾਰ ਸਿੰਘ ਵੱਲੋਂ ਡਾਕਟਰ ’ਤੇ ਦੋਸ਼ ਲਾਇਆ ਗਿਆ ਕਿ ਅਪਰੇਸ਼ਨ ਕਰਨ ’ਚ ਡਾਕਟਰ ਵੱਲੋਂ ਕੁਤਾਹੀ ਵਰਤੀ ਗਈ ਜਿਸ ਕਰਕੇ ਉਸ ਦਾ ਪੈਰ ਖ਼ਰਾਬ ਹੋ ਗਿਆ। ਉਸ ਨੂੰ ਹੋਰ ਹਸਪਤਾਲੋਂ ਨਾ ਸਿਰਫ ਅਪਰੇਸ਼ਨ ਕਰਵਾਉਣਾ ਪਿਆ ਬਲਕਿ ਉਸ ਦਾ ਭਵਿੱਖ ਤਬਾਹ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਪਿੰਡ ਦੀ ਪੰਚਾਇਤ ਡਾਕਟਰ ਨੂੰ ਮਿਲੀ ਤਾਂ ਇਸ ਦੌਰਾਨ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਕਿਸਾਨ ਆਗੂ ਭੁਪਿੰਦਰ ਤੇ ਹੋਰਾਂ ਦਾ ਬੋਲ ਬੁਲਾਰਾ ਹੋ ਗਿਆ, ਜਿਸ ਮਗਰੋਂ ਡਾਕਟਰ ਵੱਲੋਂ ਭੁਪਿੰਦਰ ਤੇ ਹੋਰਾਂ ਖ਼ਿਲਾਫ਼ ਪੁਲੀਸ ਕੋਲ ਪਰਚਾ ਦਰਜ ਕਰਵਾਇਆ ਗਿਆ ਸੀ। ਇਸ ਪਰਚੇ ਨੂੰ ਰੱਦ ਕਰਵਾਉਣ ਲਈ ਜਿਥੇ ਕਿਸਾਨ ਜਥੇਬੰਦੀਆਂ ਵੱਲੋਂ ਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਹੈ ਉਥੇ ਹੀ ਡਾਕਟਰ ਦੀ ਹਮਾਇਤ ਵਿੱਚ ਆਈਐੱਮਏ ਵੱਲੋਂ ਬੀਤੇ ਦਿਨ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਕਸੂਰਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਡਾਕਟਰ ਨੇ ਲਾਪ੍ਰਵਾਹੀ ਦੇ ਦੋਸ਼ ਪਹਿਲਾਂ ਹੀ ਨਕਾਰ ਦਿੱਤੇ ਹਨ। ਕਿਸਾਨਾਂ ਦੇ ਧਰਨੇ ਵਿੱਚ ਕਿਸਾਨ ਆਗੂ ਸਵਰਨ ਸਿੰਘ ਵਿਰਕ, ਰੋਸ਼ਨ ਸੁਚਾਨ ਤੇ ਤਿਲਕ ਰਾਜ ਵਿਨਾਇਕ ਸਣੇ ਵੱਡੀ ਗਿਣਤੀ ਲੋਕ ਹਾਜ਼ਰ ਸਨ।