ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 2 ਫਰਵਰੀ
ਇੱਥੇ ਅੰਬਾਲਾ ਵਿਜੀਲੈਂਸ ਟੀਮ ਨੇ ਚੀਕਾ ਥਾਣੇ ਵਿੱਚ ਅਚਾਨਕ ਛਾਪਾ ਮਾਰ ਕੇ ਥਾਣਾ ਮੁਖੀ ਜੈਵੀਰ ਸ਼ਰਮਾ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਚੀਕਾ ਪਿੰਡ ਦੇ ਸਾਬਕਾ ਨਗਰ ਕੌਂਸਲ ਮੈਂਬਰ ਚਾਂਦ ਰਾਮ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਇੱਕ ਜਣੇ ਨੇ ਉਸ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੋਈ ਹੈ। ਇਸ ਮਾਮਲੇ ਵਿਚ ਥਾਣਾ ਮੁਖੀ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਇਸ ਸਬੰਧੀ ਵਿਜੀਲੈਂਸ ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਮੁਖੀ ਵੱਲੋਂ ਰਿਸ਼ਵਤ ਮੰਗਣ ਦੀ ਗੱਲਬਾਤ ਰਿਕਾਰਡ ਕੀਤੀ ਹੋਈ ਸੀ। ਇਸ ਦੇ ਆਧਾਰ ’ਤੇ ਵਿਜੀਲੈਂਸ ਨੇ ਛਾਪਾ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਵਿਜੀਲੈਂਸ ਨੇ ਥਾਣਾ ਮੁਖੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਥਰੂਮ ਵਿੱਚ ਲੁਕ ਗਿਆ। ਵਿਜੀਲੈਂਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਥਾਣਾ ਮੁਖੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਥਾਣੇ ਵਿਚ ਕਰੀਬ ਤਿੰਨ ਘੰਟੇ ਤੱਕ ਵਿਜੀਲੈਂਸ ਟੀਮ ਨੂੰ ਮੁਲਜ਼ਮ ਨੂੰ ਕਾਬੂ ਕਰਨ ਲਈ ਖੱਜਲ ਹੋਣਾ ਪਿਆ। ਐਸਐਚਓ ਦੇ ਸਮਰਥਨ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਸ ਕਾਰਨ ਵਿਜੀਲੈਂਸ ਦੀ ਟੀਮ ਵਿੱਚ ਆਏ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਆਈਜੀ ਵਿਜੀਲੈਂਸ ਅਸ਼ੋਕ ਕੁਮਾਰ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਕੈਥਲ ਲੋਕੇਂਦਰ ਸਿੰਘ ਮੌਕੇ ’ਤੇ ਪੁੱਜੇ। ਐਸਪੀ ਦੀ ਹਾਜ਼ਰੀ ਵਿੱਚ ਵੀ ਲੋਕਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ।
ਚੀਕਾ ਮੁਖੀ ਨੂੰ ਗ੍ਰਿਫ਼ਤਾਰ ਕਰ ਕੇ ਵਿਜੀਲੈਂਸ ਟੀਮ ਨੇ ਜਦੋਂ ਆਪਣੀ ਗੱਡੀ ਵਿੱਚ ਬਿਠਾਇਆ ਤਾਂ ਭੀੜ ਨੇ ਆਈਜੀ ਦਾ ਘਿਰਾਓ ਕਰ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਕਰਮਚਾਰੀਆਂ ਨੇ ਲੋਕਾਂ ਵਿੱਚੋਂ ਸੁਰੱਖਿਅਤ ਕੱਢ ਕੇ ਉਨ੍ਹਾਂ ਨੂੰ ਗੱਡੀ ਤੱਕ ਪਹੁੰਚਾਇਆ। ਇਸ ਦੌਰਾਨ ਆਈਜੀ ਵਿਜੀਲੈਂਸ ਕਾਰਵਾਈ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਤੋਂ ਟਾਲਾ ਵੱਟਦੇ ਨਜ਼ਰ ਆਏ।