ਰਤਨ ਸਿੰਘ ਢਿੱਲੋਂ
ਅੰਬਾਲਾ, 22 ਫਰਵਰੀ
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪਾਣੀਪਤ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੂੰ ਟੈਲੀਫੋਨ ’ਤੇ ਜ਼ਿਲ੍ਹੇ ਦੀ ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਵੀਰੇਂਦਰ ਸਿੰਘ, ਰਾਜੇਸ਼, ਸੁਮਿਤ, ਸੁਭਾਸ਼ ਚੰਦਰ, ਜੈਵੀਰ ਰਾਣਾ ਅਤੇ ਤਿੰਨ ਹੋਰਾਂ ਸਮੇਤ ਕੁੱਲ 8 ਜਣਿਆਂ ਨੂੰ ਤਤਕਾਲ ਪ੍ਰਭਾਵ ਤੋਂ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਇਹ ਮਾਮਲਾ ਪਾਣੀਪਤ ਦੇ ਉੱਦਮੀ ਰਾਜ ਕੁਮਾਰ ਆਹੂਜਾ ਨਾਲ ਜੁੜਿਆ ਹੋਇਆ ਹੈ ਜੋ 8 ਨਵੰਬਰ ਨੂੰ ਵਕੀਲ ਨੂੰ ਮਿਲਣ ਲਈ ਅਦਾਲਤ ਗਿਆ ਸੀ। ਜਦੋਂ ਉਹ ਅਦਾਲਤ ਵਿੱਚੋਂ ਬਾਹਰ ਆ ਰਿਹਾ ਸੀ ਤਾਂ ਸੀਆਈਏ-2 ਵਾਲੇ ਕਥਿਤ ਤੌਰ ’ਤੇ ਉਸ ਨੂੰ ਅਗਵਾ ਕਰ ਕੇ ਦਫ਼ਤਰ ਲੈ ਗਏ ਜਿੱਥੇ ਉਸ ਦੀ ਮਾਰਕੁੱਟ ਕੀਤੀ ਗਈ। ਪੁਲੀਸ ਮੁਲਾਜ਼ਮਾਂ ਨੇ ਉਸ ਕੋਲੋਂ 25 ਲੱਖ ਰੁਪਏ ਦੀ ਮੰਗ ਕੀਤੀ ਜੋ ਦੇਣ ਤੋਂ ਬਾਅਦ ਹੀ ਉਸ ਦਾ ਛੁਟਕਾਰਾ ਹੋਇਆ। ਪੁਲੀਸ ਹਿਰਾਸਤ ਵਿੱਚੋਂ ਬਾਹਰ ਆ ਕੇ ਉਹ ਕਈ ਪੁਲੀਸ ਅਧਿਕਾਰੀਆਂ ਕੋਲ ਸ਼ਿਕਾਇਤ ਲੈ ਕੇ ਗਿਆ ਪਰ ਕਿਸੇ ਨੇ ਨਹੀਂ ਸੁਣੀ। ਫਿਰ ਉਸ ਨੇ ਆਪਣਾ ਮੈਡੀਕਲ ਕਰਵਾਇਆ, ਅਦਾਲਤ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਢਵਾਈ ਅਤੇ ਕਾਲ ਰਿਕਾਰਡਿੰਗ ਸਮੇਤ ਏਸੀਜੇਐੱਮ ਨੂੰ ਪੇਸ਼ ਕੀਤੀ। ਮਾਮਲੇ ਦੀ ਜਾਂਚ ਤੋਂ ਬਾਅਦ ਏਸੀਜੇਐਮ ਨੇ ਸੀਆਈਏ-2 ਦੇ ਇੰਚਾਰਜ ਅਤੇ ਬਾਕੀ ਪੁਲੀਸ ਮੁਲਾਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਗ੍ਰਹਿ ਮੰਤਰੀ ਨੇ ਦੱਸਿਆ ਕਿ ਅੱਜ ਉਨ੍ਹਾਂ ਕੋਲ ਪਾਣੀਪਤ ਤੋਂ ਹੀਰਾ ਲਾਲ ਆਹੂਜਾ ਪੇਸ਼ ਹੋਏ ਸਨ ਜਿਨ੍ਹਾਂ ਦੱਸਿਆ ਕਿ ਉਸ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ 25 ਲੱਖ ਰੁਪਏ ਦੀ ਫਿਰੌਤੀ ਲਈ ਗਈ ਸੀ। ਉਨ੍ਹਾਂ ਨੇ ਮਾਮਲਾ ਕੋਰਟ ਵਿੱਚ ਲਾਇਆ ਸੀ ਅਤੇ ਕੋਰਟ ਨੇ ਸੀਆਈਏ ਸਟਾਫ਼ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਾਣੀਪਤ ਐੱਸਪੀ ਨੂੰ ਫ਼ੋਨ ’ਤੇ ਕਿਹਾ ਕਿ ਜਦੋਂ ਐਫਆਈਆਰ ਦਰਜ ਹੋ ਗਈ ਤਾਂ ਅਜੇ ਤੱਕ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਹੁਕਮ ਦਿੱਤੇ ਕਿ ਜਿਨ੍ਹਾਂ-ਜਿਨ੍ਹਾਂ ਦੇ ਨਾਂ ਐੱਫਆਈਆਰ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।