ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਅਕਤੂਬਰ
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਨਗਰ ਪਰਿਸ਼ਦ ਅੰਬਾਲਾ ਕੈਂਟ ਵਿੱਚ ਛਾਪਾ ਮਾਰਿਆ। ਗੱਡੀ ਖ਼ੁਦ ਚਲਾ ਕੇ ਪਹੁੰਚੇ ਮੰਤਰੀ ਨੇ ਪਹਿਲਾਂ ਈਓ ਤੇ ਫਿਰ ਉਸ ਦੇ ਪੀਏ ਦੇ ਕਮਰੇ ਵਿੱਚ ਪਏ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਾ ਕਰਨ ਵਾਲੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ। ਗ੍ਰਹਿ ਮੰਤਰੀ ਨੇ ਈਓ ਦੇ ਪੀਏ ਦੀ ਦਰਾਜ਼ ਵਿੱਚ ਰੱਖੀਆਂ ਸ਼ਿਕਾਇਤਾਂ ਦੇ ਨਾਲ-ਨਾਲ ਫਾਈਲਾਂ ਅਤੇ ਕੰਪਿਊਟਰ ਤੇ ਨਗਰ ਪਰਿਸ਼ਦ ਦੀ ਈ-ਮੇਲ ਦੀ ਜਾਂਚ ਕੀਤੀ। ਸਟਰੀਟ ਲਾਈਟ ਸਬੰਧੀ 11 ਸਤੰਬਰ ਤੋਂ ਲਟਕ ਰਹੀ ਸ਼ਿਕਾਇਤ ਸਣੇ ਹੋਰ ਸ਼ਿਕਾਇਤਾਂ ’ਤੇ ਕਾਰਵਾਈ ਨਾ ਹੋਣ ’ਤੇ ਗ੍ਰਹਿ ਮੰਤਰੀ ਨੇ ਸਬੰਧਿਤ ਸਟਾਫ਼ ਨੂੰ ਬੁਲਾ ਕੇ ਪੁੱਛ-ਗਿੱਛ ਕੀਤੀ।