ਪੱਤਰ ਪ੍ਰੇਰਕ
ਯਮੁਨਾਨਗਰ, 3 ਅਕਤੂਬਰ
ਗੁਰੂ ਨਾਨਕ ਖਾਲਸਾ ਕਾਲਜ ਦੇ ਐੱਨਐੱਸਐੱਸ ਵਾਲੰਟੀਅਰਾਂ ਨੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਪਿੰਡ ਚਨੇਟੀ ਸਥਿਤ ਇਤਿਹਾਸਕ ਥਾਂ ਬੋਧ ਸਤੂਪਾਂ ਦਾ ਦੌਰਾ ਕੀਤਾ ਜੋ ਕਿ ਯਮੁਨਾਨਗਰ ਤੋਂ ਲਗਪਗ 6 ਕਿਲੋਮੀਟਰ ਦੂਰ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਮੇਜਰ ਹਰਿੰਦਰ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਾ ਅਸ਼ੋਕ ਦੇ ਸ਼ਾਸਨ ਕਾਲ ਵਿੱਚ ਇਹ ਸਥਾਨ ਬੌਧ ਧਰਮ ਦਾ ਮਹੱਤਵਪੂਰਨ ਕੇਂਦਰ ਸੀ ਜਿਸ ਦੇ ਬਾਰੇ ਚੀਨੀ ਯਾਤਰੀ ਅਤੇ ਇਤਿਹਾਸਕਾਰ ਹਿਊਨਸਾਂਗ ਨੇ ਵੀ ਆਪਣੀ ਡਾਇਰੀ ਵਿੱਚ ਜ਼ਿਕਰ ਕੀਤਾ ਸੀ। ਇਸ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਸਤੂਪ ਤਕਸ਼ੀਲਾ ਸਥਿਤ ਸ਼ਾਹਪੁਰ ਅਤੇ ਧਰਮਰਾਜਿਕਾ ਸਤੂਪਾਂ ਨਾਲ ਮੇਲ ਖਾਂਦੇ ਹਨ ਅਤੇ ਵਾਸਤੂਕਲਾ ਦਾ ਨਮੂਨਾ ਹਨ। ਇਸ ਮੌਕੇ ਐੱਨਐੱਸਐੱਸ ਅਧਿਕਾਰੀ ਡਾ. ਸੰਜੈ ਵਿੱਜ, ਡਾ. ਕੈਥਰੀਨ ਮਸੀਹ, ਡਾ. ਵਿਜੈ ਚੰਦੇਲ ਸਮੇਤ ਵਿਦਿਆਰਥੀ ਮੌਜੂਦ ਸਨ।