ਹਿਸਾਰ (ਹਰਿਆਣਾ), 11 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਪਿਛਲੇ ਦਸ ਸਾਲਾਂ ਵਿਚ ਕੋਈ ਵਿਕਾਸ ਕਾਰਜ ਨਾ ਕਰਵਾਉਣ ਦਾ ਦੋਸ਼ ਲਾਉਂਦਿਆਂ ਲੋਕਾਂ ਨੂੰ ‘ਨਵਾਂ ਹਰਿਆਣਾ’ ਬਣਾਉਣ ਲਈ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਹਰਿਆਣਾ ਵਿੱਚ ਇਸ ਸਾਲ ਦੇ ਅਖ਼ੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜੇਗੀ। ਪਾਰਟੀ ਨੇ ਹਰਿਆਣਾ ਵਿੱਚ ਕਈ ਚੋਣਾਂ ਲੜੀਆਂ ਹਨ, ਪਰ ਅਜੇ ਤੱਕ ਸੂਬੇ ਵਿੱਚ ਸਫਲਤਾ ਨਹੀਂ ਮਿਲੀ।
ਸੁਨੀਤਾ ਕੇਜਰੀਵਾਲ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਚੋਣਾਂ ਵਾਲੇ ਦਿਨ ‘ਝਾੜੂ’ (‘ਆਪ’ ਦਾ ਚੋਣ ਨਿਸ਼ਾਨ) ਦਾ ਬਟਨ ਦਬਾਉਣ ਲਈ ਕਿਹਾ ਤਾਂ ਜੋ ‘ਨਵਾਂ ਹਰਿਆਣਾ’ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ‘ਆਪ’ ਸਰਕਾਰ ਨੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ‘ਕਾਇਆਕਲਪ’ ਕਰਨ ਦੇ ਨਾਲ-ਨਾਲ ਬਿਜਲੀ ਮੁਫ਼ਤ ਕਰ ਦਿੱਤੀ ਹੈ। ਸੁਨੀਤਾ ਨੇ ਸਵਾਲ ਕੀਤਾ, ‘‘ਭਾਜਪਾ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਵਿੱਚ ਕੀ ਵਿਕਾਸ ਕੀਤਾ ਹੈ?’’ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਜਪਾ ਆਗਾਮੀ ਚੋਣਾਂ ਵਿੱਚ ਇੱਕ ਵੀ ਸੀਟ ਨਾ ਜਿੱਤ ਸਕੇ। ਅਰਵਿੰਦ ਕੇਜਰੀਵਾਲ ਨੂੰ ‘ਹਰਿਆਣੇ ਦਾ ਲਾਲ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਪਾਲਣ-ਪੋਸ਼ਣ ਹਿਸਾਰ ਵਿੱਚ ਹੀ ਹੋਇਆ ਹੈ। -ਪੀਟੀਆਈ