ਪ੍ਰਭੂ ਦਿਆਲ
ਸਿਰਸਾ, 29 ਅਕਤੂਬਰ
ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਇਨੈਲੋ ਦੇ ਇਕੋ-ਇਕ ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਮਗਰੋਂ ਭਲਕੇ 30 ਅਕਤੂਬਰ ਨੂੰ ਮੁੜ ਤੋਂ ਏਲਨਾਬਾਦ ’ਚ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣ ਅਧਿਕਾਰੀ ਚੋਣ ਸਮੱਗਰੀ ਲੈ ਕੇ ਆਪਣੇ ਬੂਥਾਂ ਵੱਲ ਰਵਾਨਾ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸੀਟ ਲਈ ਭਾਜਪਾ-ਜਜਪਾ ਤੋਂ ਇਲਾਵਾ ਕਾਂਗਰਸ, ਇੰਡੀਅਨ ਨੈਸ਼ਨਲ ਲੋਕਦਲ ਸਣੇ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਭਾਜਪਾ-ਜਜਪਾ ਨੇ ਗੋਬਿੰਦ ਕਾਂਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਦੋਂਕਿ ਕਾਂਗਰਸ ਨੇ ਪਵਨ ਬੈਨੀਵਾਲ ਅਤੇ ਇਨੈਲੋ ਨੇ ਮੁੜ ਤੋਂ ਅਭੈ ਸਿੰਘ ਚੌਟਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸੇ ਦੌਰਾਨ ਭਾਜਪਾ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ, ਜਜਪਾ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫੰਰਸ ਕਰ ਕੇ ਦਾਆਵਾ ਕੀਤਾ ਕਿ ਏਲਨਾਬਾਦ ਦੀ ਜ਼ਿਮਨੀ ਚੋਣ ’ਚ ਇਨੈਲੋ ਦਾ ਗੜ੍ਹ ਟੁੱਟੇਗਾ ਤੇ ਐਤਕੀਂ ਭਾਜਪਾ-ਜਜਪਾ ਦਾ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ।
ਕਿਸਾਨ ਮੋਰਚੇ ਵੱਲੋਂ ਲੋਕਾਂ ਨੂੰ ਭਾਜਪਾ ਉਮੀਦਵਾਰ ਖ਼ਿਲਾਫ਼ ਭੁਗਤਣ ਦੀ ਅਪੀਲ
ਏਲਨਾਬਾਦ (ਜਗਤਾਰ ਸਮਾਲਸਰ): ਏਲਨਾਬਾਦ ਜ਼ਿਮਨੀ ਚੋਣ ਵਿੱਚ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਆਪੋ-ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਨ ਲਈ ਆਏ, ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਕਰਦਿਆਂ ਲੋਕਾਂ ਨੂੰ ਹੋਰ ਉਮੀਦਵਾਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਜਦੋਂ ਇਸ ਜ਼ਿਮਨੀ ਚੋਣ ਲਈ ਪਰਚੇ ਦਾਖ਼ਲ ਹੋ ਰਹੇ ਸਨ ਤਾਂ ਖ਼ੁਦ ਨੂੰ ਕਿਸਾਨ ਆਗੂ ਕਹਿਣ ਵਾਲਾ ਵਿਕਲ ਪਚਾਰ ਵੀ ਆਪਣਾ ਪਰਚਾ ਦਾਖ਼ਲ ਕਰਨ ਲਈ ਪਹੁੰਚਿਆ ਸੀ। ਉਸ ਵੇਲੇ ਸਥਾਨਕ ਕਿਸਾਨਾਂ ਨੇ ਉਸ ਦਾ ਸਖ਼ਤ ਵਿਰੋਧ ਕੀਤਾ ਸੀ ਤੇ ਕਿਸਾਨ ਆਗੂ ਯੋਗਿੰਦਰ ਯਾਦਵ ਨੇ ਇਥੇ ਪਹੁੰਚ ਕੇ ਸਪੱਸ਼ਟ ਕੀਤਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੇ ਕਿਸਾਨਾਂ ਵੱਲੋਂ ਕੋਈ ਸਿਆਸੀ ਆਗੂ ਖੜ੍ਹਾ ਨਹੀਂ ਕੀਤਾ ਗਿਆ। ਜਦੋਂ ਪ੍ਰਚਾਰ ਲਈ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਏਲਨਾਬਾਦ ਪਹੁੰਚੇ ਤਾਂ ਉਨ੍ਹਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦਾ ਇਸ਼ਾਰਾ ਕੀਤਾ, ਜਦਕਿ 27 ਅਕਤੂਬਰ ਨੂੰ ਏਲਨਾਬਾਦ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਨੈਲੋ ਦੇ ਅਭੈ ਸਿੰਘ ਚੌਟਾਲਾ ਦੇ ਸਮਰਥਨ ਦਾ ਸੰਕੇਤ ਦਿੱਤਾ ਸੀ। ਅੱਜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਇੱਕ ਵੀਡੀਓ ਵਾਇਰਲ ਕਰਕੇ ਸਪੱਸ਼ਟ ਕੀਤਾ ਹੈ ਕਿ ਸੰਯੁਕਤ ਮੋਰਚਾ ਏਲਨਾਬਾਦ ਖੇਤਰ ਦੇ ਲੋਕਾਂ ਨੂੰ ਸਿਰਫ਼ ਭਾਜਪਾ-ਜਜਪਾ ਉਮੀਦਵਾਰ ਦੇ ਵਿਰੋਧ ਵਿੱਚ ਵੋਟਾਂ ਪਾਉਣ ਅਪੀਲ ਕਰਦਾ ਹੈ। ਬਾਕੀ ਪਾਰਟੀਆਂ ਵਿੱਚੋਂ ਕਿਸੇ ਨੂੰ ਵੀ ਵੋਟ ਪਾਈ ਜਾਵੇ, ਸੰਯੁਕਤ ਕਿਸਾਨ ਮੋਰਚੇ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।