ਆਤਿਸ਼ ਗੁਪਤਾ
ਚੰਡੀਗੜ੍ਹ, 7 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਅਤੇ ਕਾਂਗਰਸ ਵਿਚਕਾਰ ਗੱਠਜੋੜ ਸਬੰਧੀ ਚੱਲ ਰਹੀ ਗੱਲਬਾਤ ਹਾਲੇ ਸਿਰੇ ਨਹੀਂ ਚੜ੍ਹੀ। ਉਂਜ ਕਾਂਗਰਸ ਪਾਰਟੀ ਨੇ ਆਪਣੇ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ਅੱਜ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਕਮਜ਼ੋਰ ਸਮਝਣ ਵਾਲਿਆਂ ਨੂੰ ਭਵਿੱਖ ਵਿੱਚ ਪਛਤਾਉਣਾ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਪਾਠਕ ਨੇ ਕਿਹਾ ਕਿ ‘ਆਪ’ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ, ‘ਅਸੀਂ ਪਾਰਟੀ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਾਂ। ਜਿਵੇਂ ਹੀ ਹੁਕਮ ਮਿਲਿਆ ਤਾਂ ਪਾਰਟੀ ਸਾਰੀਆਂ 90 ਸੀਟਾਂ ’ਤੇ ਚੋਣ ਮੈਦਾਨ ਵਿੱਚ ਕੁੱਦ ਜਾਵੇਗੀ।’ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੀਆਂ ਸਾਰੀਆਂ ਸੀਟਾਂ ’ਤੇ ਮਜ਼ਬੂਤੀ ਨਾਲ ਚੋਣ ਲੜਨਗੇ।
ਜ਼ਿਕਰਯੋਗ ਹੈ ਕਿ ‘ਆਪ’ ਅਤੇ ਕਾਂਗਰਸ ਨੇ ‘ਇੰਡੀਆ’ ਗੱਠਜੋੜ ਤਹਿਤ ਹਰਿਆਣਾ ’ਚ ਰਲ ਕੇ ਲੋਕ ਸਭਾ ਚੋਣ ਲੜੀ ਸੀ। ਹੁਣ ਦੋਵੇਂ ਪਾਰਟੀਆਂ ਵਿਚਕਾਰ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਰਲ ਕੇ ਲੜਨ ਬਾਰੇ ਗੱਲਬਾਤ ਚੱਲ ਰਹੀ ਹੈ। ਦੋਵਾਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਹੀਂ ਹੋ ਰਹੀ ਹੈ। ਸੂਤਰਾਂ ਅਨੁਸਾਰ ‘ਆਪ’ ਵੱਲੋਂ 10 ਸੀਟਾਂ ਮੰਗੀਆਂ ਗਈਆਂ ਹਨ , ਜਦੋਂ ਕਿ ਕਾਂਗਰਸ ਨੇ 5 ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਾਰੀਖ 12 ਸਤੰਬਰ ਹੈ ਅਤੇ ਹਾਲੇ ਤੱਕ ‘ਆਪ’ ਤੇ ਕਾਂਗਰਸ ਵੱਲੋਂ ਗੱਠਜੋੜ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਭਾਜਪਾ ਤੇ ਕਾਂਗਰਸ ਵਿੱਚ ਸੀਟਾਂ ਲਈ ਘਮਸਾਣ ਜਾਰੀ
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਤੇ ਕਾਂਗਰਸ ਦੀ ਪਹਿਲੀ ਸੂਚੀ ਆਉਣ ਮਗਰੋਂ ਦੋਵਾਂ ਪਾਰਟੀਆਂ ਵਿੱਚ ਅੰਦਰੂਨੀ ਸਿਆਸੀ ਘਮਸਾਣ ਜਾਰੀ ਹੈ। ਭਾਜਪਾ ਨੇ ਵਿਧਾਨ ਸਭਾ ਹਲਕਾ ਸਫੀਦੋਂ ਤੋਂ ਕੁਝ ਦਿਨ ਪਹਿਲਾਂ ਜੇਜੇਪੀ ਛੱਡ ਕੇ ਪਾਰਟੀ ਵਿੱਚ ਆਏ ਰਾਮ ਕੁਮਾਰ ਗੌਤਮ ਨੂੰ ਟਿਕਟ ਦੇ ਦਿੱਤੀ ਹੈ। ਸਾਬਕਾ ਮੰਤਰੀ ਬਚਨ ਸਿੰਘ ਆਰੀਆ ਦੀ ਟਿਕਟ ਕੱਟੇ ਜਾਣ ਕਾਰਨ ਉਨ੍ਹਾਂ ਅੱਜ ਭਾਜਪਾ ਨੂੰ ਅਲਵਿਦਾ ਆਖਦਿਆਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਵੀ ਦਾਖ਼ਲ ਕਰ ਦਿੱਤੇ ਹਨ। ਭਾਜਪਾ ਨਾਰਾਜ਼ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਬਰੋਦਾ ਤੋਂ ਮੌਜੂਦਾ ਵਿਧਾਇਕ ਇੰਦੂਰਾਜ ਸਿੰਘ ਨਰਵਾਲ ਨੂੰ ਟਿਕਟ ਦਿੱਤੇ ਜਾਣ ’ਤੇ ਜੀਤਾ ਹੁੱਡਾ ਨਾਰਾਜ਼ ਹੋ ਗਏ ਹਨ। ਜੀਤਾ ਹੁੱਡਾ ਹਰਿਆਣਾ ਵਿੱਚ 6 ਵਾਰ ਵਿਧਾਨ ਸਭਾ ਚੋਣ ਜਿੱਤਣ ਵਾਲੇ ਕ੍ਰਿਸ਼ਨ ਹੁੱਡਾ ਦੇ ਪੁੱਤਰ ਹਨ। ਇਸੇ ਹਲਕੇ ਤੋਂ ਸੀਟ ਕੱਟੇ ਜਾਣ ’ਤੇ ਡਾ. ਕਪੂਰ ਸਿੰਘ ਨਰਵਾਲ ਨੇ ਵੀ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ।