ਕੇ.ਕੇ ਬਾਂਸਲ
ਰਤੀਆ, 11 ਜੁਲਾਈ
ਅਖਿਲ ਭਾਰਤੀ ਕਿਸਾਨ ਸਭਾ ਅਤੇ ਖੇਤੀ ਬਚਾਓ ਸੰਘਰਸ਼ ਕਮੇਟੀ ਰਤੀਆ ਵੱਲੋਂ ਸਾਂਝੇ ਤੌਰ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਟਿਕਰੀ ਬਾਰਡਰ ਦਿੱਲੀ ਧਰਨੇ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਧਰਨਾ ਲਗਾਇਆ। ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਜਵਿੰਦਰ ਸਿੰਘ ਚਹਿਲ , ਕਾ. ਛਤਰਪਾਲ ਸਿੰਘ , ਜਗਦੀਸ਼ ਫੁਲਾਂ ਅਤੇ ਰਾਮਚੰਦਰ ਸਹਿਨਾਲ ਨੇ ਕਿਹਾ ਕਿ ਅੱਜ ਦੇਸ਼ ਵਿੱਚ 7 ਮਹੀਨੇ ਤੋਂ ਜ਼ਿਆਦਾ ਸਮਾਂ ਕਿਸਾਨ ਅੰਦੋਲਨ ਨੂੰ ਹੋ ਚੁੱਕਾ ਹੈ। ਮੋਦੀ ਸਰਕਾਰ ਦੀ ਤਾਨਾਸ਼ਾਹੀ ਪੂਰੀ ਤਰ੍ਹਾਂ ਉਜਾਗਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਬਿਲਾਂ ਤੇ ਟੱਸ ਤੋਂ ਮੱਸ ਨਾ ਹੋਣ ਕਰਕੇ ਕਿਸਨਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਅਗਰ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਹ ਕੇਂਦਰ ਸਰਕਾਰ ਦਾ ਤਖ਼ਤਾ ਪਲਟਾ ਕੇ ਦਮ ਲੈਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜਿੱਥੇ ਤੇਲ ਅਤੇ ਗੈਸ ਦੀਆਂ ਕੀਮਤਾਂ ਆਸਮਾਨੀ ਚੜਾ ਕੇ ਆਮ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ, ਉੱਥੇ ਦੂਜੇ ਪਾਸੇ ਤੇਲ ਦੀਆਂ ਕੀਮਤਾਂ ਦਾ ਨਿੱਜੀਕਰਨ ਕਰਕੇ ਦੁਨੀਆ ’ਚ ਤੇਲ ਸਸਤਾ ਹੋਣ ਤੇ ਵੀ ਪ੍ਰਾਈਵੇਟ ਤੇਲ ਕੰਪਨੀਆਂ ਲਗਾਤਾਰ ਤੇਲ ਕੀਮਤਾਂ ਵਧਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚਾ ਜਿੱਤਣ ਤੱਕ ਕਿਸਾਨ ਸਿਆਸੀ ਪਾਰਟੀਆਂ ਦੀ ਪਿੰਡਾਂ ਵਿੱਚ ਐਂਟਰੀ ਬੰਦ ਕਰ ਦੇਣਗੇ ਤਾਂ ਕਿ ਕਿਸਾਨੀ ਮੋਰਚੇ ਨੂੰ ਸਫ਼ਲ ਬਣਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਮਾਣਮੱਤੇ ਅੰਦੋਲਨ ਵਿਚ ਮਜਦੂਰ ਜਮਾਤ ਅਤੇ ਹੋਰ ਮਿਹਨਤਕਸ਼ ਜਨਤਾ ਪੂਰਨ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਵਧਾ ਕੇ ਮਹਿੰਗਾਈ ਦਾ ਬੋਝ ਆਮ ਜਨਤਾ ’ਤੇ ਪਾਇਆ ਜਾ ਰਿਹਾ ਹੈ। ਇਸ ਮੌਕੇ ਸਤਨਾਮ ਸਿੰਘ ਲਾਂਬਾ, ਜਗੀਰ ਸਿੰਘ, ਪ੍ਰਭੂ ਫੁਲਾਂ, ਰਾਮ ਜਾਟ ਆਦਿ ਵੀ ਹਾਜ਼ਰ ਸਨ।