ਪ੍ਰਭੂ ਦਿਆਲ/ਭੁਪਿੰਦਰ ਪੰਨੀਵਾਲੀਆ
ਸਿਰਸਾ/ ਕਾਲਾਂਵਾਲੀ, 19 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੱਛੀ ਪਾਲਕ ਕਿਸਾਨਾਂ ਨੂੰ ਹੁਣ ਕੇਂਦਰ ਸਰਕਾਰ ਦੀ ਸਬਸਿਡੀ ਦੀ ਉਡੀਕ ਕਰਨ ਦੇ ਲੋੜ ਨਹੀਂ ਹੋਵੇਗੀ, ਸੂਬਾ ਸਰਕਾਰ ਕਿਸਾਨਾਂ ਨੂੰ ਐਡਵਾਂਸ ਸਬਸਿਡੀ ਮੁਹੱਈਆ ਕਰਵਾਏਗੀ। ਮੱਛੀ ਪਾਲਣ ਨਾਲ ਸਬੰਧਤ ਟੇਸਟਿੰਗ ਲੈਬ ਸਿਰਸਾ ਵਿੱਚ ਸਥਾਪਿਤ ਕੀਤਾ ਜਾਵੇਗੀ, ਜਿਸ ਨਾਲ ਮੱਛੀ ਪਾਲਕ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉਹ ਅੱਜ ਸਿਰਸਾ ਜ਼ਿਲ੍ਹਾ ਦੇ ਚੋਰਮਾਰ ਖੇੜਾ ਪਿੰਡ ਵਿੱਚ ਝੀਂਗਾ ਮੱਤੀ ਪਾਲਕ ਕਿਸਾਨਾਂ ਲਈ ਲਾਈ ਗਈ ਵਰਕਸ਼ਾਪ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਖੱਟਰ ਨੇ ਮੱਛੀ ਦੀ ਖਰੀਦ-ਵੇਚ ਲਈ ਝੱਜਰ ਜਾਂ ਗੁਰੂਗਰਾਮ ਵਿੱਚ ਕਿਤੇ ਇਕ ਥਾਂ ਥੋਕ ਮੱਛੀ ਮਾਰਕੀਟ ਸਥਾਪਿਤ ਕੀਤੇ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਮੱਛੀ ਪਾਲਕ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨ ਕ੍ਰੇਡਿਟ ਕਾਰਡ ਦੀ ਤਰ੍ਹਾਂ ਮੱਛੀ ਪਾਲਕ ਕਿਸਾਨਾਂ ਨੂੰ ਕ੍ਰੇਡਿਟ ਕਾਰਡ ਦੀ ਸੁਵਿਧਾ ਵੀ ਮੁਹੱਈਆ ਕਰਵਾ ਰਹੀ ਹੈ। ਮੱਛ ਪਾਲਣ ਵਿੱਚ ਬੀਮਾ ਕਰਨ ਦੇ ਲਈ ਵੀ ਸਰਕਾਰ ਬੈਂਕ ਤੇ ਬੀਮਾ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 20 ਕਿਲੋਵਾਟ ਬਿਜਲੀ ਖਪਤ ਵਾਲੇ ਕਿਸਾਨਾਂ ਨੂੰ 4.75 ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦਿੱਤੀ ਜਾ ਰਹੀ ਹੈ। ਮੱਛੀ ਪਾਲਕ ਕਿਸਾਨ ਆਪਣੇ ਪਲਾਂਟ ’ਤੇ ਸੋਲਰ ਪਲਾਂਟ ਵੀ ਲਗਵਾ ਸਕਦੇ ਹਨ। ਇਸ ਦੇ ਲਈ ਪ੍ਰਤੀ ਹਾਰਸ ਪਾਵਰ 20 ਹਜਾਰ ਰੁਪਏ ਸਬਸਿਡੀ ਦਿੱਤੀ ਜਾਵੇਗੀ।