ਦਵਿੰਦਰ ਸਿੰਘ
ਯਮੁਨਾਨਗਰ, 1 ਸਤੰਬਰ
ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਗੁਰਬਾਣੀ ਦੀ ਸਮਾਜਿਕਤਾ ਦੇ ਵਰਤਮਾਨ ਪ੍ਰਸੰਗ ਵਿਸ਼ੇ ’ਤੇ ਆਨਲਾਈਨ ਵੈਬਿਨਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਦੇ ਤਿੰਨ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਵਰਲਡ ਪੰਜਾਬੀ ਸੈਂਟਰ ਦੇ ਚੇਅਰਮੈਨ ਤੇ ਉੱਘੇ ਸਿੱਖ ਚਿੰਤਕ ਪ੍ਰੋਫੈਸਰ ਬਲਕਾਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਆਪਣੇ ਜੀਵਨ ਵਿੱਚ ਗੁਰੂਆਂ ਦੇ ਉਪਦੇਸ਼ਾਂ ’ਤੇ ਅਮਲ ਕਰਨ ਲਈ ਪ੍ਰੇਰਿਆ।
ਦਿੱਲੀ ਯੂਨੀਵਰਸਿਟੀ ਤੋਂ ਪ੍ਰਸਿੱਧ ਚਿੰਤਕ ਡਾ. ਰਵੇਲ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਬਣੀ ਬਣਾਈ ਵਰਣ ਵਿਵਸਥਾ ਦੀ ਗੁਰਬਾਣੀ ਨਿਖੇਧੀ ਕਰਦੀ ਹੈ ਤੇ ਨਾਲ ਹੀ ਧਾਰਮਿਕ ਪਖੰਡਾਂ ਨੂੰ ਰੱਦ ਕਰ ਕੇ ਸ਼ਬਦ ਗੁਰੂ ਨਾਲ ਜੁੜਨ ਦਾ ਸੱਦਾ ਦਿੰਦੀ ਹੈ।
ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਵਰਤਮਾਨ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਡਿਪਟੀ ਚੇਅਰਮੈਨ ਡਾ. ਨਰਿੰਦਰ ਸਿੰਘ ਵਿਰਕ ਨੇ ਸਮਾਜ ਵਿੱਚ ਆ ਰਹੇ ਨਿਘਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਮਾਨਸਿਕਤਾ ਨੂੰ ਸਮਾਜ ਦੇ ਹਿੱਤਾਂ ਲਈ ਸ਼ਬਦ ਗੁਰੂ ਤੋਂ ਸੇਧ ਲੇਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਮੇਜਰ ਹਰਿੰਦਰ ਸਿੰਘ ਕੰਗਨੇ ਸਾਰੇ ਵਿਦਵਾਨਾਂ ਦਾ ਸਵਾਗਤ ਕੀਤਾ । ਕਾਲਜ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਭੁਪਿੰਦਰ ਸਿੰਘ ਜੌਹਰ ਨੇ ਇਸ ਮਹੱਤਵਪੂਰਨ ਵਿਸ਼ੇ ’ਤੇ ਵੈਬਿਨਾਰ ਕਰਵਾਉਣ ਲਈ ਵਧਾਈ ਦਿੱਤੀ। ਇਸ ਵੈਬਿਨਾਰ ਨੂੰ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਐੱਨਪੀ ਸਿੰਘ ਅਤੇ ਡਾ. ਤਿਲਕ ਰਾਜ ਨੇ ਬਹੁਤ ਹੀ ਸਫ਼ਲਤਾ ਪੂਰਵਕ ਅੱਗੇ ਵਧਾਇਆ। ਡਾ. ਤਿਲਕ ਰਾਜ ਨੇ ਕਾਲਜ ਪ੍ਰਬੰਧਕ ਕਮੇਟੀ, ਵਿਦਵਾਨਾਂ ਅਤੇ ਹੋਰ ਪ੍ਰਾਧਿਆਪਕਾਂ ਦਾ ਧੰਨਵਾਦ ਕੀਤਾ।