ਪੱਤਰ ਪ੍ਰੇਰਕ
ਕੁਰੂਕਸ਼ੇਤਰ, 17 ਜੁਲਾਈ
ਭਾਜਪਾ ਨੇਤਾ ਪੰਡਤ ਜੈ ਭਗਵਾਨ ਸ਼ਰਮਾ ਦੀ ਜਨ ਆਸ਼ੀਰਵਾਦ ਯਾਤਰਾ ਥਾਨੇਸਰ ਸ਼ਹਿਰ ਦੇ ਵਾਰਡ ਨੰਬਰ 11 ਸੁੰਦਰਪੁਰ ਪਹੁੰਚੀ, ਜਿੱਥੇ ਸਮਰਥਕਾਂ ਨੇ ਲੱਡੂਆਂ ਅਤੇ ਹਾਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਡੀਡੀ ਸ਼ਰਮਾ ਨੇ ਜਨ ਜਾਗਰਣ ਸਭਾ ਨੂੰ ਸੰਬੋਧਨ ਕੀਤਾ। ਮੀਟਿੰਗ ਵਿੱਚ ਭਾਰੀ ਭੀੜ ਇਕੱਠੀ ਹੋਈ। ਜਨ ਜਾਗਰਣ ਸਭਾ ਵਿੱਚ ਪੁੱਜੇ ਨੌਜਵਾਨਾਂ ਨੇ ਡੀਡੀ ਸ਼ਰਮਾ ਜ਼ਿੰਦਾਬਾਦ ਅਤੇ ਡੀਡੀ ਸ਼ਰਮਾ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਦੇ ਨਾਅਰੇ ਲਾਏ। ਇਸ ਦੌਰਾਨ ਜੈ ਭਗਵਾਨ ਸ਼ਰਮਾ ਨੇ ਸਮਾਜ ਸੇਵੀ ਨਰਿੰਦਰ ਸਿੰਘ ਗਿੱਲ ਦੇ ਨਿਵਾਸ ਵਿਖੇ ਭੋਜਨ ਛਕਿਆ। ਉਨ੍ਹਾਂ ਪ੍ਰੋਗਰਾਮ ਲਈ ਨਰਿੰਦਰ ਸਿੰਘ ਗਿੱਲ, ਪਵਨ ਸ਼ਰਮਾ ਸੁੰਦਰਪੁਰ ਅਤੇ ਹੋਰ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਜੈ ਭਗਵਾਨ ਸ਼ਰਮਾ ਨੇ ਕਿਹਾ ਕਿ ਥਾਨੇਸਰ ਦੇ ਲੋਕ ਅੱਜ ਬਦਲਾਅ ਅਤੇ ਵਿਕਾਸ ਲਈ ਤਿਆਰ ਹਨ, ਬੱਸ ਚੋਣਾਂ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਵਿੱਚ ਜਾਤੀਵਾਦ ਅਤੇ ਭਾਈ-ਭਤੀਜਾਵਾਦ ਨੇ ਵਿਕਾਸ ਦੇ ਨਾਲ-ਨਾਲ ਲੋਕਾਂ ਦੀ ਭਾਵਨਾ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਤੁਹਾਡੇ ਜਜ਼ਬੇ ਅਤੇ ਮਿਹਨਤ ਅੱਗੇ ਕੋਈ ਨਹੀਂ ਟਿਕ ਸਕੇਗਾ। ਉੁਨ੍ਹਾਂ ਕਿਹਾ ਕਿ ਸਾਡਾ ਸੰਕਲਪ ਹੈ ਬਦਲਾਅ, ਵਿਕਾਸ । ਜ਼ਿਕਰਯੋਗ ਹੈ ਕਿ ਜੈ ਭਗਵਾਨ ਸ਼ਰਮਾ ਪਿਛਲੇ 3 ਦਹਾਕਿਆਂ ਤੋਂ ਕੁਰੂਕਸ਼ੇਤਰ ਦੀ ਰਾਜਨੀਤੀ ਵਿੱਚ ਸਰਗਰਮ ਹਨ।
ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਸੰਘਰਸ਼ ਕਾਰਨ ਰਾਜਨੀਤੀ ਵਿੱਚ ਆਪਣੀ ਪਛਾਣ ਬਣਾਈ ਹੈ। ਖੇੜੀ ਮਾਰਕੰਡਾ ਦੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੱਕ, ਚੇਅਰਮੈਨ ਦੀ ਚੋਣ ਲੜਨ, 2014 ਵਿੱਚ ਭਾਜਪਾ ਦੀ ਟਿਕਟ ’ਤੇ ਚੋਣ ਲੜਨ, 2019 ਵਿੱਚ ਕੁਰੂਕਸ਼ੇਤਰ ਲੋਕ ਸਭਾ ਚੋਣ ਲੜਨ ਅਤੇ 2024 ਵਿੱਚ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ।