ਨਿੱਜੀ ਪੱਤਰ ਪ੍ਰੇਰਕ
ਸਿਰਸਾ, 21 ਫਰਵਰੀ
ਇਥੋਂ ਦੇ ਕੰਗਣਪੁਰ ਸੜਕ ਕੋਲ ਝਾੜੀਆਂ ’ਚ ਭਰੂਣ ਦੱਬੇ ਹੋਣ ਦੇ ਸ਼ੱਕ ’ਤੇ ਪੁਲੀਸ ਨੇ ਮੈਜਿਸਟਰੇਟ ਦੀ ਮੌਜੂਦਗੀ ’ਚ ਟੋਇਆ ਪੁਟਵਾਇਆ ਤਾਂ ਟੋਏ ’ਚੋਂ ਕੁੱਤੇ ਦੇ ਦੋ ਮਰੇ ਕਤੂਰੇ ਮਿਲੇ।
ਪੁਲੀਸ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਕੰਗਣਪੁਰ ਰੋਡ ਨਾਲ ਲੱਗਦੀਆਂ ਝਾੜੀਆਂ ’ਚ ਰਾਤ ਦੇ ਹਨੇਰੇ ’ਚ ਇਕ ਮੋਟਰਸਾਈਕਲ ’ਤੇ ਸਵਾਰ ਮਹਿਲਾ ਤੇ ਇਕ ਪੁਰਸ਼ ਨੇ ਭਰੂਣ ਦੱਬਿਆ ਹੈ। ਸੂਚਨਾ ਮਿਲਣ ਮਗਰੋਂ ਸਦਰ ਥਾਣਾ ਮੁਖੀ ਈਸ਼ਵਰ ਸਿੰਘ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਤਾਜ਼ਾ ਮਿੱਟੀ ਪੁੱਟੇ ਹੋਣ ਕਾਰਨ ਪੁਲੀਸ ਨੂੰ ਵੀ ਭਰੂਣ ਦਬੇ ਹੋਣ ਦਾ ਸ਼ੱਕ ਸੀ ਜਿਸ ਮਗਰੋਂ ਡਿਊਟੀ ਮੈਜਿਸਟਰੇਟ ਨੂੰ ਮੌਕੇ ’ਤੇ ਬੁਲਾਇਆ ਗਿਆ ਤੇ ਉਨ੍ਹਾਂ ਦੀ ਮੌਜੂਦਗੀ ’ਚ ਟੋਇਆ ਪੁੱਟਵਾਇਆ ਗਿਆ। ਭਰੂਣ ਦੀ ਅਫਵਾਹ ਫੈਲਣ ਕਾਰਨ ਮੌਕੇ ’ਤੇ ਲੋਕਾਂ ਦੀ ਭੀੜ ਜੁੜ ਗਈ। ਜਦੋਂ ਟੋਇਆ ਪੁੱਟਿਆ ਗਿਆ ਤਾਂ ਉਸ ’ਚੋਂ ਕੁੱਤੇ ਦੇ ਦੋ ਮਰੋ ਹੋਏ ਕਤੂਰੇ ਮਿਲੇ ਤਾਂ ਲੋਕ ਆਪਣੀ ਹਾਸੀ ਨਾ ਰੋਕ ਸਕੇ। ਸਦਰ ਥਾਣਾ ਮੁਖੀ ਇਸ਼ਵਰ ਸਿੰਘ ਨੇ ਦੱਸਿਆ ਹੈ ਕਿ ਕਿਸੇ ਵਿਅਕਤੀ ਨੇ ਪੁਲੀਸ ਕੰਟਰੋਲ ਰੂਮ ’ਚ ਸੂਚਨਾ ਦਿੱਤੀ ਸੀ ਜਿਸ ਮਗਰੋਂ ਭਰੂਣ ਹੋਣ ਦੇ ਸ਼ੱਕ ’ਚ ਇਹ ਕਾਰਵਾਈ ਕੀਤੀ ਗਈ ਪਰ ਭਰੂਣ ਨਹੀਂ ਮਿਲਿਆ। ਕੁੱਤੇ ਦੇ ਮਰੇ ਦੋ ਕਤੂਰੇ ਮਿਲੇ ਹਨ। ਇਹ ਕਿਸੇ ਵਿਅਕਤੀ ਦੇ ਪਾਲਤੂ ਕੁੱਤੇ ਦੇ ਕਤੂਰੇ ਹੋ ਸਕਦੇ ਹਨ।