ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਜੁਲਾਈ
ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਕੋਰ ਕਮੇਟੀ ਦੀ ਇਕ ਵਿਸ਼ੇਸ਼ ਬੈਠਕ ਇਥੇ ਕਿਸਾਨ ਅਰਾਮ ਘਰ ਵਿਚ ਹੋਈ, ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੀਤੀ। ਉਨ੍ਹਾਂ ਨੇ ਸਰਕਾਰ ਵਲੋਂ ਜਾਰੀ ਦੇਹ ਸ਼ਾਮਲਾਤ ਤੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨਾਂ ਕਿਸਾਨਾਂ ਤੋਂ ਖੋਹਣ ਦੇ ਹੁਕਮਾਂ ਦੇ ਖ਼ਿਲਾਫ਼ ਅੰਦੋਲਨ ਬਾਰੇ ਚਰਚਾ ਕੀਤੀ ਤੇ 5 ਅਗਸਤ ਨੂੰ ਬਾਡੜਾ ਵਿਚ ਹੋਣ ਵਾਲੀ ਕਿਸਾਨ ਮਹਾ ਪੰਚਾਇਤ ਨੂੰ ਸਫਲ ਬਣਾਉਣ ਲਈ ਰਣਨੀਤੀ ਉਲੀਕੀ। ਜ਼ਿਕਰਯੋਗ ਹੈ ਕਿ ਵਿੱਤ ਕਮਿਸ਼ਨਰ ਹਰਿਆਣਾ ਨੇ ਇਕ ਪੱਤਰ ਜਾਰੀ ਕਰ ਦੇਹ ਸ਼ਾਮਲਾਤ ਤੇ ਜੁਮਲਾ ਮਾਲਕਾਨ ਜ਼ਮੀਨ ਦੀ ਮਲਕੀਅਤ ਕਿਸਾਨਾਂ ਤੋਂ ਖੋਹ ਕੇ ਪੰਚਾਇਤਾਂ ਦੇ ਨਾਂ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮੁਤਾਬਕ ਬਾਡੜਾ ਵਿਚ 750 ਕਨਾਲ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ ਤੋਂ ਕਿਸਾਨਾਂ ਨੂੰ ਬੇਦਖਲ ਕਰ ਦਿੱਤਾ ਗਿਆ ਹੈ, ਜਦੋਂਕਿ ਕਿਸਾਨ ਪਿਛਲੀਆਂ ਕਈ ਪੀੜ੍ਹੀਆਂ ਤੋਂ ਉਸ ਜ਼ਮੀਨ ’ਤੇ ਕਾਸ਼ਤ ਕਰ ਰਹੇ ਹਨ ਤੇ ਕਰੀਬ 500 ਦੁਕਾਨਾਂ ਵੀ ਇਸ ਜ਼ਮੀਨ ’ਤੇ ਬਣੀਆਂ ਹੋਈਆਂ ਹਨ। ਇਸ ਦੇ ਖ਼ਿਲਾਫ਼ ਭਾਕਿਯੂ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਪੰਜ ਅਗਸਤ ਨੂੰ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਹੋਇਆ ਹੈ। ਚੜੂਨੀ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਸੂਬੇ ਦੀਆਂ ਕੁਝ ਤਹਿਸੀਲਾਂ ਵਿਚ ਕੁਝ ਉਕਤ ਜ਼ਮੀਨਾਂ ਦੇ ਇੰਤਕਾਲ ਪੰਚਾਇਤਾਂ ਦੇ ਨਾਂ ਕਰ ਦਿੱਤੇ ਗਏ ਹਨ, ਜਦਕਿ ਮਾਲ ਰਿਕਾਰਡ ਵਿਚ ਕਿਸਾਨ ਇਨ੍ਹਾਂ ਜ਼ਮੀਨਾਂ ’ਤੇ ਦਹਾਕਿਆਂ ਤੋਂ ਕਾਸ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੋਏ ਪਹਿਲੇ ਰੈਵੇਨਿਊ ਸੈਟਲਮੈਂਟ ਮੁਤਾਬਕ ਮੁਸ਼ਤਰਕਾ ਮਾਲਕਾਨ ਤੇ ਸ਼ਾਮਲਾਤ ਦੇਹ ਸਭ ਤਰ੍ਹਾਂ ਦੀ ਜ਼ਮੀਨਾਂ ਨੂੰ ਪੰਚਾਇਤ ਦੇਹ ਵਿਚ ਤਬਦੀਲ ਕਰਨ ਦਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ, ਜੋ ਨਿਆਂ ਸੰਗਤ ਨਹੀਂ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ, ਜਸਬੀਰ ਸਿੰਘ ਮਾਮੂ ਮਾਜਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਕਿਯੂ ਦੇ ਕਾਰਕੁਨ ਮੌਜੂਦ ਸਨ।