ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਦਸੰਬਰ
ਇੱਥੇ ਪਿੰਡ ਕੰਦੋਲੀ ਵਾਸੀ ਦੇ ਬੈਂਕ ਖਾਤੇ ਵਿੱਚੋਂ ਕਿਸੇ ਨੇ ਸਾਢੇ ਪੈਂਤੀ ਹਜ਼ਾਰ ਰੁਪਏ ਕਢਵਾ ਲਏ। ਥਾਣਾ ਬਾਬੈਨ ਵਿਚ ਦਰਜ ਕਰਾਈ ਸ਼ਿਕਾਇਤ ਵਿਚ ਪਿੰਡ ਕੰਦੋਲੀ ਵਾਸੀ ਰਾਜਬੀਰ ਨੇ ਦੱਸਿਆ ਹੈ ਉਸ ਦਾ ਕੇਨਰਾ ਬੈਂਕ ਬਾਬੈਨ ਵਿਚ ਬੱਚਤ ਖਾਤਾ ਚਲ ਰਿਹਾ ਹੈ। ਇਸ ਵਿੱਚ 36 ਹਜ਼ਾਰ ਰੁਪਏ ਜਮ੍ਹਾਂ ਸਨ। ਉਸ ਦੇ ਖਾਤੇ ਵਿੱਚੋਂ ਪੰਜ ਦਸੰਬਰ ਨੂੰ ਚਾਰ ਵਾਰ ਵਿਚ 35 ਹਜ਼ਾਰ 500 ਰੁਪਏ ਰੋਹਤਕ ਹਰਿਆਣਾ ਵਿਚੋਂ ਕਢਵਾ ਲਏ ਗਏ। ਪੀੜਤ ਰਾਜਬੀਰ ਦਾ ਕਹਿਣਾ ਹੈ ਕਿ ਉਹ ਅੱਜ ਤਕ ਕਦੇ ਰੋਹਤਕ ਗਿਆ ਹੀ ਨਹੀਂ। ਉਸ ਦਾ ਏਟੀਐੱਮ ਤੇ ਪਾਸ ਬੁੱਕ ਉਸ ਦੇ ਕੋਲ ਹਨ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ਤੇ ਧਾਰਾ 379, 420 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦ ਇਸ ਸੰਦਰਭ ਵਿਚ ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਜਬੀਰ ਦੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲੀਸ ਵਿਚ ਦਰਜ ਐਫਆਰਆਈ ਦੀ ਕਾਪੀ ਤੇ ਲਿਖਤੀ ਸ਼ਿਕਾਇਤ ਬੈਂਕ ਦੇ ਹੈੱਡ ਆਫਿਸ ਵਿਚ ਭੇਜ ਦਿੱਤੀ ਗਈ ਹੈ। ਬੈੈਂਕ ਪੂਰੀ ਤਰਾਂ ਜਾਂਚ ਕਰ ਰਿਹਾ ਹੈ। ਬੈਂਕ ਮੈਨੇਜਰ ਨੇ ਹੋਰਨਾਂ ਖਪਤਕਾਰਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।