ਮਹਾਂਵੀਰ ਮਿੱਤਲ
ਜੀਂਦ/ ਸਫੀਦੋਂ, 11 ਜੁਲਾਈ
ਸਫੀਦੋਂ ਉਪ-ਮੰਡਲ ਦੇ ਪਿੰਡ ਖਾਤਲਾ ਦੇ ਖੇਤ ਵਿੱਚ ਕੰਮ ਕਰ ਰਹੀ ਮਹਿਲਾ ਦੇ ਉੱਤੇ ਅਚਾਨਕ ਬਿਜਲੀ ਦਾ ਖੰਭਾ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਤੋਂ ਨਰਾਜ਼ ਹੋਏ ਵਾਰਸਾਂ ਨੇ ਮ੍ਰਿਤਕ ਮਹਿਲਾ ਦੀ ਲਾਸ਼ ਖਾਨਪੁਰ ਚੌਂਕ ਉੱਤੇ ਰੱਖ ਕੇ ਜੀਂਦ-ਪਾਣੀਪਤ ਰੋਡ ਨੂੰ ਚਾਰ ਘੰਟੇ ਤੱਕ ਜਾਮ ਕਰਕੇ ਰੱਖਿਆ। ਮ੍ਰਿਤਕ ਦੇ ਵਾਰਸਾਂ ਅਤੇ ਗ੍ਰਾਮੀਣਾਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੇ ਦੌਰਾਨ ਮਹਿਲਾਵਾਂ ਦੀ ਸੰਖਿਆ ਅਧਿਕ ਸੀ। ਵਾਰਸਾਂ ਨੇ ਇਸ ਘਟਨਾ ਦੇ ਪਿੱਛੇ ਬਿਜਲੀ ਵਿਭਾਗ ਨੂੰ ਦੋਸ਼ੀ ਠਹਿਰਾਇਆ ਅਤੇ ਵਿਭਾਗ ਦੇ ਨਾਲ-ਨਾਲ ਐੱਸਡੀਓ, ਜੇਈ ਅਤੇ ਲਾਈਨਮੈਨ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਸੀ। ਜਾਮ ਦੀ ਸੂਚਨਾ ਮਿਲਣ ’ਤੇ ਨਾਇਬ ਤਹਿਸੀਲਦਾਰ ਰਾਮਪਾਲ ਸ਼ਰਮਾ, ਡੀਐੱਸਪੀ ਧਰਮਵੀਰ ਸਿੰਘ, ਐੱਸਐੱਚਓ ਸਿਟੀ ਰਾਮ ਕੁਮਾਰ, ਐੱਸਐੱਚਓ ਸਦਰ ਸੰਜੇ ਕੁਮਾਰ, ਐੱਸਐੱਚਓ ਪਿੱਲੂਖੇੜਾ ਛਤਰਪਾਲ ਸਿੰਘ ਅਤੇ ਬਿਜਲੀ ਵਿਭਾਗ ਦੇ ਐੱਸਡੀਓ ਸੰਦੀਪ ਗੋਦਾਰਾ ਮੌਕੇ ਉੱਤੇ ਪਹੁੰਚੇ ’ਤੇ ਗ੍ਰਾਮੀਣਾਂ ਨੂੰ ਮਨਾਉਣ ਦਾ ਯਤਨ ਕੀਤਾ। ਗ੍ਰਾਮੀਣਾਂ ਨੇ ਕਿਹਾ ਕਿ ਬਹੁਤ ਸਾਰੇ ਖੰਬੇ ਟੇਢੇ-ਮੇਢੇ ਖੜ੍ਹੇ ਹਨ ਜਿਨ੍ਹਾਂ ਕਾਰਨ ਕਿਸੇ ਵੇਲੇ ਵੀ ਦੁਰਘਟਨਾ ਵਾਪਰ ਸਕਦੀ ਹੈ, ਇਸ ਘਟਨਾ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਧਿਆਨ ਵਿੱਚ ਲਿਆਂਦਾ ਗਿਆ ਸੀ ਪ੍ਰੰਤੂ ਇਹ ਵਿਭਾਗ ਦੀ ਲਾਪ੍ਰਵਾਹੀ ਰਹੀ ਜਿਸ ਕਾਰਨ ਅੱਜ ਇਸ ਘਟਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮ੍ਰਿਤਕ ਮਹਿਲਾ ਮਾਇਆ ਦੇਵੀ ਦੇ ਪਤੀ ਸਤਵੀਰ ਨੇ ਥਾਣੇ ਵਿੱਚ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਅਤੇ ਉਸਦੀ ਪਤਨੀ ਰੋਜ਼ਾਨਾ ਵਾਂਗ ਖੇਤ ਵਿੱਚ ਕੰਮ ਕਰਨ ਲਈ ਗਏ ਸੀ, ਅਚਾਨਕ ਕੰਮ ਕਰਦੇ ਹੋਏ ਮਹਿਲਾ ਮਾਇਆ ਦੇਵੀ ਉੱਤੇ ਖੰਭਾ ਡਿੱਗ ਗਿਆ ਤੇ ਘਟਨਾ ਸਥਾਨ ਉੱਤੇ ਹੀ ਉਸਦੀ ਮੌਤ ਹੋ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।