ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਮਈ
ਪਿੰਡ ਕੇਸਰੀ ਦੇ ਸਰਕਾਰੀ ਸਕੂਲ ਦੇ ਚੌਕੀਦਾਰ ਦੇ ਪੁੱਤ ਨੇ ਰੰਜਿਸ਼ ਕਾਰਨ ਇਕ ਔਰਤ ਦੇ ਸਿਰ ’ਤੇ ਹਥੌੜਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਸਾਹਾ ਪੁਲੀਸ ਨੇ ਔਰਤ ਦੇ ਪੁੱਤਰ ਜਗਤਾਰ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਕ੍ਰਿਸ਼ਨ ਖ਼ਿਲਾਫ਼ ਧਾਰਾ 302 ਦਾ ਮਾਮਲਾ ਦਰਜ ਕਰ ਲਿਆ ਹੈ।
ਜਗਤਾਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਉਸ ਦੀ ਮਾਂ ਮੇਮੋ ਦੇਵੀ ਰੂੜੀ ’ਤੇ ਗੋਹਾ ਸੁੱਟਣ ਗਈ ਸੀ। ਉਹ ਵੀ ਘੁੰਮਣ-ਫਿਰਨ ਲਈ ਬਜੀਦਪੁਰ ਪਿੰਡ ਵੱਲ ਨਿਕਲਿਆ ਸੀ। ਰਾਹ ਵਿੱਚ ਉਸ ਨੇ ਦੇਖਿਆ ਕਿ ਜਗਮਾਲ ਦੇ ਪਸ਼ੂਆਂ ਦੇ ਵਾੜੇ ਨੇੜੇ ਕ੍ਰਿਸ਼ਨ ਉਸ ਦੀ ਮਾਂ ਨਾਲ ਹੱਥੋਪਾਈ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਦੌੜ ਕੇ ਮਾਂ ਕੋਲ ਪਹੁੰਚਦਾ, ਕ੍ਰਿਸ਼ਨ ਨੇ ਉਸ ਦੀ ਮਾਂ ਦੇ ਸਿਰ ’ਤੇ ਹਥੌੜੇ ਨਾਲ 2-3 ਵਾਰ ਕਰ ਦਿੱਤੇ, ਜਿਸ ਕਾਰਨ ਉਹ ਗਲੀ ਵਿੱਚ ਡਿੱਗ ਪਈ। ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੋਂ ਦੌੜ ਗਿਆ। ਉਸ ਦੀ ਮਾਂ ਦੇ ਸਿਰ ਅਤੇ ਖੱਬੀ ਬਾਂਹ ਤੋਂ ਇਲਾਵਾ ਹੋਰ ਕਈ ਜਗ੍ਹਾ ਸੱਟਾਂ ਲੱਗੀਆਂ, ਉਹ ਆਪਣੀ ਮਾਂ ਨੂੰ ਇਲਾਜ ਲਈ ਆਦੇਸ਼ ਮੈਡੀਕਲ ਕਾਲਜ ਟੌਹੜਾ ਲੈ ਕੇ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਗਤਾਰ ਨੇ ਦੱਸਿਆ ਕਿ 15 ਦਿਨ ਪਹਿਲਾਂ ਉਨ੍ਹਾਂ ਦਾ ਗੁਆਂਢੀ ਕ੍ਰਿਸ਼ਨ ਨਾਲ ਮਕਾਨ ਦੇ ਛੱਜੇ ਸਬੰਧੀ ਮਾਮੂਲੀ ਬੋਲ-ਬੁਲਾਰਾ ਹੋਇਆ ਸੀ। ਉਸ ਦੀ ਮਾਂ ਨੇ ਕ੍ਰਿਸ਼ਨ ਨੂੰ ਛੱਜਾ ਠੀਕ ਕਰਾਉਣ ਦੀ ਸਲਾਹ ਦਿੱਤੀ ਸੀ, ਜਿਸ ਕਰਕੇ ਕ੍ਰਿਸ਼ਨ ਉਸ ਦੀ ਮਾਂ ਨਾਲ ਰੰਜਿਸ਼ ਰੱਖਣ ਲੱਗਿਆ ਸੀ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।