ਗੁਰਦੀਪ ਸਿੰਘ ਭੱਟੀ
ਟੋਹਾਣਾ, 12 ਦਸੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜੱਥੇਬੰਦੀਆਂ, ਮਜ਼ਦੂਰਾਂ, ਔਰਤਾ, ਬੱਚਿਆਂ ਨੇ ਜ਼ਿਲ੍ਹੇ ਦੇ ਦੋ ਰਿਲਾਇੰਸ ਪੈਟਰੋਲ ਪੰਪਾਂ ’ਤੇ ਘੇਰਾਬੰਦੀ ਕਰ ਦਿੱਤੀ। ਇਥੋਂ ਦੀ ਹਿਸਾਰ ਰੋਡ ’ਤੇ ਪੈਂਦੇ ਰਿਲਾਇੰਸ ਪੰਪ ਸਾਹਮਣੇ ਧਰਨਾ ਮਾਰ ਕੇ ਤੇਲ ਵਿਕਰੀ ਠੱਪ ਕਰ ਦਿੱਤੀ ਗਈ। ਪਿੰਡ ਸਮੈਣ, ਕੰਨੜ੍ਹੀ, ਚੰਦੜਕਲਾਂ, ਪੂਰਨਮਾਜਰਾ, ਲਲੌਦਾ, ਲੋਹਾਖੇੜਾ, ਕਮਾਲਵਾਲਾ, ਰੱਤਾਖੇੜਾ, ਅਮਾਨੀ, ਦਮਕੌਰਾ, ਕੁੰਦਨੀ, ਫਤਿਹਪੁਰੀ ਤੋਂ ਆਏ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰਕੇ ਰਸਤਾ ਬੰਦ ਕੀਤਾ ਅਤੇ ਧਰਨੇ ’ਤੇ ਬੈਠੇ ਗਏ। ਫਹਿਤਪੁਰੀ ਤੋਂ ਸੈਂਕੜੇ ਔਰਤਾਂ ਪੰਚ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਧਰਨੇ ਵਿੱਚ ਸ਼ਾਮਲ ਹੋਈਆਂ। ਧਰਨੇ ਵਿੱਚ ਸ਼ਾਮਲ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨਵਜੋਤ, ਸਤਗੁਰੂ, ਰਮਨਦੀਪ, ਹਰਵਿੰਦਰ ਅਤੇ ਗੁਰਪ੍ਰੀਤ ਜਮਾਤ ਕਿਹਾ, ‘‘ਅਸੀਂ ਜ਼ਮੀਨਾਂ ਬਚਾਉਣ ਅਤੇ ਤੇਲ ਪੰਪ ਬੰਦ ਕਰਾਉਣ ਆਏ ਹਾਂ।’’ ਫਹਿਤਪੁਰੀ ਦੇ ਨੰਬਰਦਾਰ ਨਾਹਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜਥਾ ਧਰਨੇ ਵਿੱਚ ਪਹੁੰਚਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਾਲ ਜਰਨੈਲ ਸਿੰਘ, ਗੁਰਵਿੰਦਰ ਸਿੰਘ, ਮੱਖਣ ਸਿੰਘ ਵੀ ਸ਼ਾਮਲ ਸਨ। ਪਿੰਡ ਲੋਹਾਖੇੜਾ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਮਜ਼ਦੂਰਾਂ ਤੇ ਸਰਪੰਚ ਪਿਆਰਾ ਸਿੰਘ ਕਿਸਾਨਾਂ ਨਾਲ ਧਰਨੇ ਵਿੱਚ ਸ਼ਾਮਲ ਹੋਏ। ਸਰਬ ਕਰਮਚਾਰੀ ਸੰਘ ਦੇ ਪ੍ਰੇਮ ਨੈਨ, ਪ੍ਰਧਾਨ ਲਾਭ ਸਿੰਘ, ਈਸ਼ਵਰ ਸਿੰਘ, ਅਧਿਆਪਕ ਸੰਘ ਦੇ ਰਣਜੀਤ ਸਿੰਘ ਢਿੱਲੋਂ, ਬਲਵਾਨ ਸਿੰਘ ਤੇ ਹੋਰ ਕਰਮਚਾਰੀਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਕਿਸਾਨਾਂ ਨੂੰ ਰੋਕਣ ਲਈ ਟੋਹਾਣਾ-ਮੂਨਕ ਸੜਕ ’ਤੇ ਬੈਰੀਕੇਡ ਲਾਏ
ਟੋਹਾਣਾ (ਪੱਤਰ ਪ੍ਰੇਰਕ): ਦਿੱਲੀ ਕਿਸਾਨ ਘੋਲ਼ ਵਿੱਚ ਸ਼ਾਮਲ ਹੋਣ ਜਾ ਰਹੇ ਵੱਡੀ ਗਿਣਤੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਟੋਹਾਣਾ-ਮੂਨਕ ਸੜਕ ’ਤੇ ਬੈਰੀਕੇਡ ਲਾਏ ਗਏ ਹਨ। ਜ਼ਿਲ੍ਹਾ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਵਿੱਚੋਂ ਟਰੈਕਟਰ-ਟਰਾਲੀਆਂ ’ਤੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਹੈ। ਪੁਲੀਸ ਨੇ ਹਰਿਆਣਾ-ਪੰਜਾਬ ਨੂੰ ਜੋੜਨ ਵਾਲੀ ਟੋਹਾਣਾ-ਮੂਨਕ ਸੜਕ ਅਤੇ ਹਰਿਆਣਾ ਹੱਦ ਅੰਦਰ ਪੈਂਦੀਆਂ ਹੋਰ ਥਾਵਾਂ ’ਤੇ ਭਾਰੀ-ਭਾਰੀ ਪੱਥਰ ਰੱਖ ਕੇ ਰੋਕਾਂ ਲਾਈਆਂ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਬਰੂਹਾਂ ’ਤੇ ਕਿਸਾਨਾਂ ਦੀ ਵੱਧ ਰਹੀ ਗਿਣਤੀ ਤੋਂ ਕੇਂਦਰ ਸਰਕਾਰ ਪ੍ਰੇਸ਼ਾਨ ਹੈ, ਇਸ ਲਈ ਸੀਮਾਵਾਂ ’ਤੇ ਬੈਰੀਗੇਡ ਲਾ ਕੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕੌਮੀ ਸੜਕ ਮਾਰਗ-9 ’ਤੇ ਪੈਂਦੇ ਫਤਿਹਾਬਾਦ ਸ਼ਹਿਰ ਦੇ ਪੂਰਬ ਤੇ ਪੱਛਮ ਵੱਲ ਪੈਂਦੇ ਦੋ ਟੌਲ ਪਲਾਜ਼ਿਆਂ ਨੂੰ ਟੈਕਸ ਮੁਕਤ ਕਰਵਾ ਦਿੱਤਾ। ਜ਼ਿਲ੍ਹੇ ਦੀਆਂ ਪੰਜ ਸਰਗਰਮ ਕਿਸਾਨ ਜੱਥੇਬੰਦੀਆਂ ਨੇ ਵਿਉਂਤਬੰਦੀ ਕਰਕੇ ਦੋਵਾਂ ਟੌਲ ਪਲਾਜ਼ਿਆਂ ਨੂੰ ਘੇਰਨ ਲਈ ਪਿੰਡਾਂ ਨੂੰ ਵੀ ਵੰਡ ਕੇ ਦੋਹਾਂ ਪਲਾਜ਼ਿਆਂ ਨੂੰ ਘੇਰ ਲਿਆ। ਦੋਵਾਂ ਟੌਲ ਪਲਾਜ਼ਿਆਂ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਸੀ। ਕਿਸਾਨਾਂ ਦੀ ਭੀੜ ਨੂੰ ਵੇਖ ਕੇ ਪੁਲੀਸ ਦੂਰ ਖੜ੍ਹੀ ਰਹੀ ਅਤੇ ਕਿਸਾਨਾਂ ਨੇ ਕਰਮਚਾਰੀਆਂ ਨੂੰ ਇੱਕ ਪਾਸੇ ਚਲੇ ਜਾਣ ਲਈ ਕਿਹਾ ਅਤੇ ਤਿੰਨ ਵਜੇ ਤੱਕ ਵਾਹਨ ਟੈਕਸ ਮੁਕਤ ਲੰਘਦੇ ਰਹੇ। ਕਿਸਾਨਾਂ ਨਾਲ ਆਈਆਂ ਔਰਤਾਂ, ਬੱਚੇ, ਬਜ਼ੁਰਗ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਸਨ।