ਨਿੱਜੀ ਪੱਤਰ ਪ੍ਰੇਰਕ
ਸਿਰਸਾ, 13 ਮਾਰਚ
ਇਥੋਂ ਦੀ ਪੁਲੀਸ ਨੇ ਨਕਲੀ ਕਰੰਸੀ ਚਲਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਕ ਮਹਿਲਾ ਨੂੰ ਕਾਬੂ ਕੀਤਾ ਹੈ ਜਦੋਂਕਿ ਉਸ ਦੇ ਪੁੱਤਰ ਦੀ ਭਾਲ ’ਚ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਮਹਿਲਾ ਤੋਂ ਇਕ ਲੱਖ ਗਿਆਰਾਂ ਹਜ਼ਾਰ ਰੁਪਏ ਦੀ ਨਕਲੀ ਕਰੰਸੀ ਬਰਾਮਦ ਹੋਈ ਹੈ। ਮਹਿਲਾ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਬੇਗੂ ਰੋਡ ਗਲੀ ਨੰਬਰ ਇਕ ਸੁੱਖਸਾਗਰ ਵਜੋਂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸੀਆਈਏ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਇਕ ਘਰ ’ਚ ਛਾਪਾ ਮਾਰਿਆ ਤਾਂ ਸੁਖਵਿੰਦਰ ਕੌਰ ਨੂੰ ਨਕਲੀ ਕਰੰਸੀ ਸਮੇਤ ਕਾਬੂ ਕਰ ਲਿਆ ਜਦੋਂ ਕਿ ਉਸ ਦਾ ਪੁੱਤਰ ਗਗਨਦੀਪ ਪੁਲੀਸ ਤੋਂ ਬਚ ਕੇ ਭੱਜਣ ’ਚ ਸਫਲ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮਹਿਲਾ ਤੋਂ 124 ਨੋਟ ਪੰਜ-ਪੰਜ ਸੌ ਦੇ ਤੇ 200 ਨੋਟ ਦੋ-ਦੋ ਸੌ ਰੁਪਏ ਅਤੇ 90 ਨੋਟ ਸੌ-ਸੌ ਰੁਪਏ ਦੇ ਮਿਲੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹ ਨਕਲੀ ਨੋਟ ਪੰਜਾਬ ਤੋਂ ਲਿਆ ਕੇ ਮਹਿਲਾ ਇਥੇ ਚਲਾਉਣ ਦੀ ਕੋਸ਼ਿਸ਼ ਵਿੱਚ ਸੀ। ਮਹਿਲਾ ਤੇ ਉਸ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰਕੇ ਪੁੱਤਰ ਦੀ ਭਾਲ ਕੀਤੀ ਜਾ ਰਹੀ ਹੈ। ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।