ਅੰਬਾਲਾ (ਰਤਨ ਸਿੰਘ ਢਿੱਲੋਂ): ਖੇਤੀ ਸਬੰਧੀ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸ਼ੰਭੂ ਟੌਲ ਪਲਾਜ਼ਾ ’ਤੇ ਚੱਲ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਨੇ ਦੱਸਿਆ ਕਿ 8 ਮਾਰਚ ਨੂੰ ਸ਼ੰਭੂ ਟੌਲ ਪਲਾਜ਼ਾ ’ਤੇ ਕਿਸਾਨ ਬੀਬੀਆਂ ਵੱਡੀ ਗਿਣਤੀ ਵਿਚ ਇਕੱਠੀਆਂ ਹੋ ਕੇ ਕੀਰਤਨ ਕਰਨਗੀਆਂ ਤੇ ਮੰਚ ਸੰਚਾਲਨ ਵੀ ਉਨ੍ਹਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਜਾਣਦੀਆਂ ਹਨ ਕਿ ਜੇ ਕਾਲੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਦੇਸ਼ ਵਿਚ ਮਹਿੰਗਾਈ ਅਸਮਾਨ ਛੂਹਣ ਲੱਗੇਗੀ। ਉਨ੍ਹਾਂ ਦੱਸਿਆ ਕਿ 12 ਮਾਰਚ ਨੂੰ ਦਿੱਲੀ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ, ਜਿਸ ਵਿਚ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬੰਗਾਲ ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਰਾਕੇਸ਼ ਟਿਕੈਤ 13 ਮਾਰਚ ਨੂੰ ਬੰਗਾਲ ਜਾਣਗੇ ਤੇ ਲੋਕਾਂ ਨੂੰ ਦੱਸਣਗੇ ਕਿ ਕੇਂਦਰ ਸਰਕਾਰ ਕਿਸ ਤਰ੍ਹਾਂ ਕਿਸਾਨਾਂ ਨਾਲ ਜ਼ਿਆਦਤੀਆਂ ਕਰ ਰਹੀ ਹੈ। ਗੁਲਾਬ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਹੋਈਆਂ ਸਥਾਨਕ ਸਰਕਾਰਾਂ ਚੋਣਾਂ ਵਿਚ ਭਾਜਪਾ ਨੂੰ ਕਰਾਰੀ ਹਾਰ ਹੋਈ ਹੈ ਅਤੇ ਦਿੱਲੀ ਤੇ ਹੋਰ ਰਾਜਾਂ ਵਿਚ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।