ਪੱਤਰ ਪ੍ਰੇਰਕ
ਯਮੁਨਾਨਗਰ, 22 ਅਕਤੂਬਰ
ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਅੱਜ ਨਗਰ ਨਿਗਮ ਦਫ਼ਤਰ ਦੇ ਅਹਾਤੇ ਵਿੱਚ ਇਕੱਠੇ ਹੋ ਕੇ ਹਰਿਆਣਾ ਸਰਕਾਰ ਦੀ ਅਣਦੇਖੀ ਖ਼ਿਲਾਫ਼ ਲਗਾਤਾਰ ਚੌਥੇ ਦਿਨ ਕੰਮਕਾਜ ਮੁਕੰਮਲ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ। ਚੌਥੇ ਦਿਨ ਦੀ ਹੜਤਾਲ ਦੀ ਪ੍ਰਧਾਨਗੀ ਨਗਰ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਰਾਜ ਕੁਮਾਰ ਧਾਰੀਵਾਲ ਅਤੇ ਸੰਚਾਲਨ ਸ਼ਾਖਾ ਦੇ ਸਹਿ ਸਕੱਤਰ ਰਮੇਸ਼ ਟੋਡਰਪੁਰ ਨੇ ਕੀਤੀ। ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਵੀ ਹੜਤਾਲੀ ਕਾਮਿਆਂ ਦਾ ਸਮਰਥਨ ਕਰਨ ਲਈ ਪੁੱਜੇ। ਹੜਤਾਲ ਕਰਨ ਵਾਲਿਆਂ ਨੂੰ ਸੰਬੋਧਨ ਕਰਦਿਆਂ ਨਗਰਪਾਲਿਕਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਅਤੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਹਰਿਆਣਾ ਸਰਕਾਰ ‘ਤੇ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ 40 ਹਜ਼ਾਰ ਕਰਮਚਾਰੀਆਂ ਨੂੰ ਹੜਤਾਲ ‘ਤੇ ਜਾਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੇ ਸਾਰੀ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਨੂੰ ਸੰਜੀਦਗੀ ਨਾਲ ਵਾਰ-ਵਾਰ ਅਪੀਲ ਕੀਤੀ ਸੀ ਪਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਹੈ।
ਉਨ੍ਹਾਂ ਕਿਹਾ ਕਿ 19 ਅਕਤੂਬਰ ਨੂੰ ਸ਼ਹਿਰੀ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਡਾ. ਕਮਲ ਗੁਪਤਾ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਵਤੀਰੇ ਤੋਂ ਸਾਫ਼ ਹੈ ਕਿ ਉਹ ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੇ। ਸਰਕਾਰ ਦੀ ਇਸ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਦਾ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਮਿਉਂਸਿਪਲ ਕਰਮਚਾਰੀ ਸੰਘ ਹਰਿਆਣਾ ਦੇ ਫੈਸਲੇ ਅਨੁਸਾਰ ਭਲਕੇ 23 ਅਕਤੂਬਰ ਨੂੰ ਜਦੋਂ ਸਾਰੇ ਦੇਸ਼ ਵਾਸੀ ਛੋਟੀ ਦੀਵਾਲੀ ਮਨਾ ਰਹੇ ਹਨ ਤਾਂ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਹੱਥਾਂ ਵਿੱਚ ਉਲਟੇ ਝਾੜੂ, ਕਾਲੇ ਝੰਡਿਆਂ, ਬੈਨਰਾਂ ਅਤੇ ਤਖ਼ਤੀਆਂ ਨਾਲ ਸ਼ਹਿਰ ਵਿੱਚ ਜਲੂਸ ਕੱਢ ਕੇ ਛੋਟੀ ਦੀਵਾਲੀ ਮਨਾਉਣਗੇ । ਇਸ ਮੌਕੇ ਸੇਵਾਮੁਕਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਮਨਾਥ, ਵਿਨੋਦ ਤਿਆਗੀ, ਮੁਖਤਿਆਰ ਸਿੰਘ, ਬ੍ਰਾਂਚ ਹੈੱਡ ਜਨਕਰਾਜ, ਮੁੱਖ ਸਲਾਹਕਾਰ ਰਾਜ ਕੁਮਾਰ ਸਸੋਲੀ, ਕੈਸ਼ੀਅਰ ਗੁਲਜ਼ਾਰ ਅਹਿਮਦ, ਫਾਇਰ ਵਿਭਾਗ ਦੇ ਜ਼ਿਲ੍ਹਾ ਸੀਨੀਅਰ ਡਿਪਟੀ ਮੁਖੀ ਗੁਰਨਾਮ ਸਿੰਘ, ਬ੍ਰਾਂਚ ਆਡੀਟਰ ਰਿੰਕੂ ਕੁਮਾਰ, ਆਡੀਟਰ ਵਿਜੇਂਦਰ ਪਾਲ, ਤਰਸੇਮ ਚੰਦ, ਅਮਿਤ ਕੰਬੋਜ ਤੇ ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।