ਪੱਤਰ ਪ੍ਰੇਰਕ
ਯਮੁਨਾਨਗਰ, 18 ਅਪਰੈਲ
ਮੁਕੰਦ ਲਾਲ ਨੈਸ਼ਨਲ ਕਾਲਜ ਵਿੱਚ ਹੋਏ ਇੱਕ ਸਮਾਗਮ ਦੌਰਾਨ ਸ਼ਾਇਰ ਰਮੇਸ਼ ਕੁਮਾਰ ਦੀ ਪੰਜਾਬੀ ਪੁਸਤਕ ਬਹਿਸ ਵਿਹੂਣ, ਅਸ਼ੋਕ ਕੁਮਾਰ ਅਗਰਵਾਲ ਨੂਰ ਦਾ ਗਜ਼ਲ ਸੰਗ੍ਰਹਿ ਹਵਾ ਬ੍ਰਹਮ, ਡਾ. ਬੀ ਮਦਨ ਮੋਹਨ ਦੀ ਹਿੰਦੀ ਵਿੱਚ ਲਿਖੀ ਕਿਤਾਬ ਕਿਨੌਰ ਕਦਮ ਕਦਮ ਅਤੇ ਡਾ. ਰਮੇਸ਼ ਕੁਮਾਰ ਦੀ ਪੰਜਾਬੀ ਪੁਸਤਕ ਅਸਹਿਮਤ ਦਾ ਅਸ਼ੋਕ ਅਗਰਵਾਲ ਵੱਲੋਂ ਕੀਤਾ ਹਿੰਦੀ ਰੂਪਾਂਤਰ ਪੁਸਤਕਾਂ ਰਿਲੀਜ਼ ਹੋਈਆਂ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਕੁਲਦੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਹਿਸ ਵਿਹੂਣਾ ਹੋਣਾ ਅਨੇਕ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਦੇਵ ਨੇ ਵੀ ਬਹੁਤ ਸਾਰੇ ਸਮਾਜਿਕ ਮੁੱਦਿਆਂ ’ਤੇ ਗਿਆਨ ਗੋਸ਼ਟੀਆਂ ਕੀਤੀਆਂ ਅਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਯਮੁਨਾਨਗਰ ਦੇ ਸ਼ਾਇਰ ਅਤੇ ਲੇਖਕ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਡਾ. ਪਰਵੀਨ ਕੁਮਾਰ ਨੇ ਕਿਹਾ ਕਿ ਤਨਾਅ ਮੁਕਤ ਵਾਤਾਵਰਨ ਵਿੱਚ ਕੁਦਰਤ ਨਾਲ ਸੰਵਾਦ ਰਚਾ ਕੇ ਲਿਖੀ ਗਈ ਕਵਿਤਾ ਹੀ ਪਾਠਕਾਂ ਦੇ ਦਿਲਾਂ ’ਤੇ ਅਸਰ ਕਰਦੀ ਹੈ। ਪ੍ਰੋਫੈਸਰ ਯੋਗਰਾਜ ਦਾ ਕਹਿਣਾ ਸੀ ਕਿ ਡਾ. ਰਮੇਸ਼ ਕੁਮਾਰ ਦੀ ਕਵਿਤਾਵਾਂ ਦੇ ਅਲੰਕਾਰ ਅਤੇ ਬਿੰਬ ਉਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਦੀ ਪ੍ਰਤਿਨਧਤਾ ਕਰਦੇ ਹਨ। ਡਾ. ਬੀ ਮਦਨ ਮੋਹਨ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਸਾਹਿਤਕਾਰਾਂ ਨੇ ਕਿਹਾ ਕਿ ਅਸੀਂ ਮਹਿੰਗੇ ਸੂਟ, ਕੱਪੜੇ ਅਤੇ ਬੂਟ ਤਾਂ ਖਰੀਦ ਸਕਦੇ ਹਾਂ ਪਰ ਪੁਸਤਕਾਂ ਖਰੀਦ ਕੇ ਪੜ੍ਹਨ ਦਾ ਕਲਚਰ ਭੁਲਦੇ ਜਾ ਰਹੇ ਹਾਂ। ਉਨ੍ਹਾਂ ਨੇ ਲੇਖਕਾਂ ਅਤੇ ਪ੍ਰਕਾਸ਼ਕਾਂ ਦਾ ਹੌਸਲਾ ਵਧਾਉਣ ਲਈ ਕਿਤਾਬਾਂ ਖਰੀਦ ਕੇ ਲੋਕਾਂ ਨੂੰ ਤੋਹਫੇ ਵਜੋਂ ਦੇਣ ਦੀ ਅਪੀਲ ਕੀਤੀ।