ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 22 ਜੂਨ
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਹੋਏ ਨੌਜਵਾਨਾਂ ਵੱਲੋਂ ਬੱਲਭਗੜ੍ਹ ਤਹਿਸੀਲ ਦੇ ਪਿੰਡ ਦਿਆਲਪੁਰ ਵਿੱਚ ਬਣੇ ਗੁਰਦੁਆਰੇ ਦੇ ਤਲਾਬ ਦੀ ਕਾਰ ਸੇਵਾ ਕਰਕੇ ਸਫ਼ਾਈ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਦਿਆਲਪੁਰ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਆਉਂਦੇ ਸਮੇਂ ਆਏ ਸਨ। ਇੱਥੋਂ ਦੇ ਇਕ ਖ਼ੂਹ ਵਿੱਚੋਂ ਹੱਥ ਲਿਖਤ ਸ੍ਰੀਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਕਈ ਦਹਾਕੇ ਪਹਿਲਾਂ ਮਿਲੀ ਸੀ। ਇਹ ਤਲਾਅ ਕੁੱਝ ਸਾਲ ਪਹਿਲਾਂ ਸੰਗਤ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ ਜਿੱਥੇ ਬੀਤੇ ਦਿਨਾਂ ਦੌਰਾਨ ਸਫ਼ਾਈ ਨਾ ਹੋਣ ਕਰਕੇ ਗੰਦਗੀ ਭਰ ਗਈ ਸੀ। ਲੌਕਡਾਊਨ ਦੌਰਾਨ ਵੀ ਸੰਗਤ ਦੀ ਕਮੀ ਰਹੀ। ਮੌਨਸੂਨ ਤੋਂ ਪਹਿਲਾਂ ਤਲਾਅ ਵਿੱਚ ਸਫ਼ਾਈ ਕੀਤੇ ਜਾਣ ਨਾਲ ਹੁਣ ਤਲਾਅ ਭਰਨ ਵਾਲੇ ਪਾਣੀ ਲਈ ਵਧੀਆ ਰਹੇਗਾ। ਇਸ ਕਾਰਨ ਮਗਰੋਂ ਤਲਾਅ ਦੀ ਵਾਧੂ ਸਫ਼ਾਈ ਨਹੀਂ ਕਰਨੀ ਪਵੇਗੀ। ਸਮਾਜ ਸੇਵੀ ਤੇ ਕੇਂਦਰੀ ਸਿੰਘ ਸਭਾ ਪੰਚਾਇਤ ਦੇ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਿੱਖ ਯੂਥ ਸੇਵਕ ਜੱਥੇ ਦੇ ਨੌਜਵਾਨਾਂ ਨੇ ਪਹਿਲਾਂ ਤਲਾਅ ਨੂੰ ਰੋਗਾਣੂ ਮੁਕਤ ਵੀ ਕੀਤਾ। ਸਿੱਖ ਯੂਥ ਸੇਵਕ ਜੱਥੇ ਵੱਲੋਂ ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿੱਚ ਰੋਗਾਣੂ ਰੋਧਕ ਦਵਾਈਆਂ ਨਾਲ ਛਿੜਕਾਅ ਵੀ ਆਪਣੇ ਖਰਚੇ ਉਪਰ ਕੀਤਾ ਗਿਆ ਸੀ।