ਪੱਤਰ ਪ੍ਰੇਰਕ
ਡੱਬਵਾਲੀ, 21 ਸਤੰਬਰ
ਇੱਥੇ ਨਿਊ ਬਸ ਸਟੈਂਡ ਰੋਡ ’ਤੇ ਅੱਜ ਦੇਰ ਰਾਤ ਚਾਕੂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਿੰਡ ਅਲੀਕਾਂ ਦੇ 24 ਸਾਲਾ ਸੰਦੀਪ ਪੁੱਤਰ ਪਰਮਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਕਲਾਈ ਵਿੱਚ ਜਜਪਾ ਦਾ ਹੱਥ-ਬੈਂਡ ਪਹਿਨਿਆ ਹੋਇਆ ਹੈ। ਘਟਨਾ ਕਰੀਬ ਰਾਤ 8 ਵਜੇ ਵਾਪਰੀ। ਮੁੱਢਲੀ ਜਾਣਕਾਰੀ ਮੁਤਾਬਿਕ ਨੌਜਵਾਨ ਸੰਦੀਪ ਨੂੰ ਸੀਨੇ ‘ਤੇ ਚਾਕੂ ਜਾਂ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ। ਦੱਸਿਆ ਜਾਂਦਾ ਹੈ ਕਿ ਨੌਜਵਾਨਾਂ ਦੀ ਆਪਸੀ ਲੜਾਈ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨੌਜਵਾਨਾਂ ਦੇ ਕਥਿਤ ਤੌਰ ‘ਤੇ ਨਸ਼ਿਆਂ ਤੋਂ ਗ੍ਰਸਤ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਸਿਟੀ ਥਾਣੇ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਅਗਾਮੀ ਕਾਨੂੰਨੀ ਕਾਰਵਾਈ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ।