ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 28 ਸਤੰਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਜ਼ਿਲ੍ਹਾ ਕੈਥਲ ਦੇ ਹਲਕਾ ਕਲਾਇਤ ਵਿਧਾਨ ਸਭਾ ਤੋਂ ਪਾਰਟੀ ਦੇ ਉਮੀਦਵਾਰ ਅਨੁਰਾਗ ਢਾਂਡਾ ਦੇ ਸਮਰਥਨ ਵਿੱਚ ਪਿੰਡ ਬਾਲੂ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਪੁੰਡਰੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਂਦਰ ਸ਼ਰਮਾ ਦੇ ਸਮਰਥਨ ਵਿੱਚ ਰੋਡ ਸ਼ੋਅ ਵੀ ਕੀਤਾ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕਲਾਇਤ ਦੇ ਨੌਜਵਾਨ ਜ਼ਮੀਨ ਵੇਚ ਕੇ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿੱਚ ਜਾ ਰਹੇ ਹਨ। ‘ਆਪ’ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਵਿਦੇਸ਼ ਨਹੀਂ ਜਾਣਾ ਪਵੇਗਾ। ਇੱਥੋਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਲਾਇਤ ਦੀ ਜਨਤਾ ਨੇ ਸਾਰਿਆਂ ਨੂੰ ਮੌਕਾ ਦਿੱਤਾ, ਇਸ ਵਾਰ ਇੱਕ ਮੌਕਾ ਅਨੁਰਾਗ ਢਾਂਡਾ ਨੂੰ ਦੇ ਦੇਵੋ। ਉਨ੍ਹਾਂ ਕਿਹਾ ਕਿ ਉਸ ਦਾ ਜਨਮ ਭਿਵਾਨੀ ਦੇ ਸਿਵਾਨੀ ਪਿੰਡ ਵਿੱਚ ਹੋਇਆ ਸੀ। ਪੜ੍ਹਾਈ ਹਿਸਾਰ ਵਿੱਚ ਹੋਈ। ਹਰਿਆਣਾ ਤੋਂ ਨਿਕਲਣ ਦੇ ਬਾਅਦ ਤੁਹਾਡੇ ਇਸ ਪੁੱਤਰ ਨੇ ਹਰਿਆਣਾ ਦਾ ਨਾਮ ਪੂਰੀ ਦੂਨਿਆ ਵਿੱਚ ਰੋਸ਼ਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਹਰਿਆਣਾ ਵਿੱਚ ਵੀ ਬਿਜਲੀ ਦੇ ਬਿਲ ਜ਼ੀਰੋ ਹੋ ਸਕਦੇ ਹਨ। ਦਿੱਲੀ ਵਾਂਗ ਹੀ ਇੱਥੋਂ ਦੇ ਵਿਦਿਆਰਥੀ ਵਧੀਆ ਪੜ੍ਹਾਈ ਦੇ ਹੱਕਦਾਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ 22 ਰਾਜਾਂ ਵਿੱਚ ਸਰਕਾਰ ਹੈ, ਉੱਥੇ ਬਿਜਲੀ ਮਹਿੰਗੀ ਮਿਲਦੀ ਹੈ। ਇਸ ਮੌਕੇ ਰਾਜ ਪ੍ਰਧਾਨ ਡਾ. ਸੁਸ਼ੀਲ ਗੁਪਤਾ, ਗਾਇਕ ਕੁਲਬੀਰ ਦਨੌਦਾ (ਕੇਡੀ) ਤੇ ਅਨੁ ਕਾਦਿਆਨ ਮੌਜੂਦ ਸਨ।