ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਅਪਰੈਲ
ਜ਼ਹਿਰੀਲਾ ਪਾਣੀ ਪੀਣ ਨਾਲ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਸਰਾਏ ਜੱਟਾਂ ਵਿਚ 45 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ। ਇਸ ਪਿੰਡ ਦੇ ਰਹਿਣ ਵਾਲੇ ਚਰਨ ਦਾਸ ਤੇ ਬਲਦੇਵ ਸਿੰਘ ਬੱਕਰੀਆਂ ਪਾਲਣ ਦਾ ਪਿਤਾ-ਪੁਰਖੀ ਕੰਮ ਕਰਦੇ ਆ ਰਹੇ ਹਨ। ਇਹ ਘਟਨਾ ਅੱਜ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਉਹ ਇਕ ਮੋਟਰ ’ਤੇ ਬੱਕਰੀਆਂ ਨੂੰ ਪਾਣੀ ਪਿਲਾਉਣ ਲੈ ਕੇ ਗਏ। ਚਰਨ ਦਾਸ ਨੇ ਦੱਸਿਆ ਕਿ ਪਾਣੀ ਪੀਣ ਤੋਂ ਕੁਝ ਸਮਾਂ ਬਾਅਦ ਹੀ ਇਕ-ਇਕ ਕਰਕੇ ਬੱਕਰੀਆਂ ਡਿੱਗਣ ਲੱਗ ਪਈਆਂ। ਉਨ੍ਹਾਂ ਦੱਸਿਆ ਕਿ ਅੱਧੇ ਘੰਟੇ ਵਿਚ ਹੀ 45 ਦੇ ਕਰੀਬ ਬੱਕਰੀਆਂ ਦੀ ਮੌਤ ਹੋ ਗਈ। ਪਾਣੀ ਪੀਣ ਵਾਲੀਆਂ ਬੱਕਰੀਆਂ ਵਿਚ ਪੰਜ ਹੋਰ ਗੰਭੀਰ ਦੱਸੀਆਂ ਜਾ ਰਹੀਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਟਵਾਰੀ ਤੇ ਪਸ਼ੂਆਂ ਵਾਲੇ ਡਾਕਟਰ ਮੌਕੇ ’ਤੇ ਪਹੁੰਚ ਗਏ। ਪਸ਼ੂ ਵਿਭਾਗ ਵੱਲੋਂ ਇਨ੍ਹਾਂ ਬੱਕਰੀਆਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਸੈਂਪਲ ਲਏ ਗਏ। ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਹਿਰੀਲੀ ਚੀਜ਼ ਖਾਣ ਨਾਲ ਬੱਕਰੀਆਂ ਦੀ ਮੌਤ ਹੋਈ ਲਗਦੀ ਹੈ। ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਦੋਵੇਂ ਗਰੀਬ ਪਰਿਵਾਰ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪ੍ਰਤੀ ਬੱਕਰੀ 15 ਹਜ਼ਾਰ ਰੁਪਏ ਮੁਆਵਜ਼ਾ ਦੇਵੇ ਤਾਂ ਜੋ ਉਹ ਮੁੜ ਆਪਣਾ ਕਾਰੋਬਾਰ ਕਰ ਸਕਣ।
ਤਲਵੰਡੀ ਚੌਧਰੀਆਂ ਦੇ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਪੋਸਟ ਮਾਰਟਮ ਦੀ ਰਿਪੋਰਟ ਪਹੁੰਚਣ ਤੋਂ ਬਾਅਦ ਹੀ ਉਹ ਪੰਜਾਬ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਸਿਫਾਰਸ਼ ਕਰਨਗੇ।