ਪੱਤਰ ਪ੍ਰੇਰਕ
ਜਲੰਧਰ, 19 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਤੇ ਜ਼ਿਲ੍ਹਾ ਸਕੱਤਰ ਜਰਨੇਲ ਸਿੰਘ ਰਾਮੇ ਦੀ ਅਗਵਾਈ ਹੇਠ ਡੀ ਸੀ ਜਲੰਧਰ ਦੀ ਗੈਰ ਮੌਜੂਦਗੀ ਵਿੱਚ ਤਹਿਸੀਲਦਾਰ ਜਲੰਧਰ ਨੂੰ ਕਿਸਾਨ ਵਫਦ ਨੇ ਮੰਗ ਪੱਤਰ ਸੌਂਪਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਆਗੂਆਂ ਨੇ ਦੱਸਿਆ ਕਿ 24 ਜਲਾਈ ਨੂੰ ਦੋ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਤਾਲਮੇਲ ਰੂਪ ਵਿੱਚ ਪੰਜਾਬ ਪੱਧਰੀ ਧਰਨੇ ਲਾਏ ਜਾ ਰਹੇ ਹਨ। ਇਹਨਾਂ ਧਰਨਿਆਂ ਵਿੱਚ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਵੇਂ ਕਿ ਹੜ੍ਹ ਨਾਲ ਤਬਾਹ ਹੋਈਆਂ ਫਸਲਾਂ ਝੋਨਾ, ਮੱਕੀ,ਸਬਜੀਆ, ਹਰਾ ਚਾਰਾ ਆਦਿ ਦਾ 50 ਹਜ਼ਾਰ ਰੁਪਏ ਮੁਆਵਜ਼ਾ ਸਰਕਾਰ ਤੁਰੰਤ ਜਾਰੀ ਕਰੇ, ਹੜ੍ਹ ਨਾਲ ਖ਼ਰਾਬ ਹੋਈਆਂ ਸੜਕਾਂ ਤੇ ਮਕਾਨ ਬਣਾਏ ਜਾਣ, ਕੇਰਲਾ ਸਰਕਾਰ ਦੀ ਤਰਜ਼ ’ਤੇ ਮੱਕੀ, ਮੂੰਗੀ, ਬਾਸਮਤੀ ਸਮੇਤ 23 ਫ਼ਸਲਾਂ ਦੀ ਖ਼ਰੀਦ ’ਤੇ ਗਾਰੰਟੀ ਕਾਨੂੰਨ ਬਣਾਏ। ਜੇਕਰ 24 ਜੁਲਾਈ ਨੂੰ ਸੁਣਵਾਈ ਨਾ ਹੋਈ ਤਾਂ 25 ਜੁਲਾਈ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਹਰਦੇਵ ਸਿੰਘ ਰਾਜੇਵਾਲ, ਸੁਖਜਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ ਆਦਿ ਆਗੂ ਹਾਜ਼ਰ ਸਨ।