ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਪੰਜਾਬ ਸਰਕਾਰ ਵੱਲੋਂ ਬੇਘਰਿਆਂ ਨੂੰ ਦਿੱਤੀ ਜਾ ਰਹੀ 5-5 ਮਰਲੇ ਪਲਾਟ ਦੀ ਸਹੂਲਤ ਤਹਿਤ ਜ਼ਿਲ੍ਹੇ ਦੇ ਯੋਗ ਲਾਭਪਾਤਰੀਆਂ ਨੂੰ ਪਲਾਟ ਦੇਣ ਸਬੰਧੀ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵਲੋਂ ਵੱਡੇ ਪੱਧਰ ’ਤੇ ਮੁਹਿੰਮ ਵਿੱਢ ਦਿੱਤੀ ਗਈ ਹੈ। ਅੱਜ ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਵਿੱਚ ਸ੍ਰੀ ਥੋਰੀ ਨੇ ਹਦਾਇਤ ਕਰਦਿਆਂ ਕਿਹਾ ਕਿ 5-5 ਮਰਲੇ ਪਲਾਟ ਦੀ ਸਹੂਲਤ ਸਬੰਧੀ ਵਿੱਢੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਯੋਗ ਲਾਭਪਾਤਰੀ ਇਸ ਸਹੂਲਤ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਹੁਣ ਤੱਕ 13,306 ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਬਲਾਕ ਜਲੰਧਰ ਪੂਰਬੀ ਦੇ 2210, ਜਲੰਧਰ ਪੱਛਮੀ ਦੇ 195, ਆਦਮਪੁਰ ਦੇ 1174, ਭੋਗਪੁਰ ਦੇ 1447, ਨਕੋਦਰ ਦੇ 714, ਫਿਲੌਰ ਦੇ 1156, ਸ਼ਾਹਕੋਟ ਦੇ 1017, ਨੂਰਮਹਿਲ ਜੇ 2304, ਰੁੜਕਾ ਕਲਾਂ ਦੇ 774, ਲੋਹੀਆਂ ਖਾਸ ਦੇ 1980 ਅਤੇ ਬਲਾਕ ਮਹਿਤਪੁਰ ਦੇ 335 ਲਾਭਪਾਤਰੀ ਸ਼ਾਮਿਲ ਹਨ। ਉਨ੍ਹਾਂ ਐੱਸਡੀਐੱਮਜ਼ ਨੂੰ ਹਦਾਇਤ ਕੀਤੀ ਕਿ 5-5 ਮਰਲੇ ਦੀ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜੀਅ ਤੋੜ ਯਤਨ ਕੀਤੇ ਜਾਣ। ਉਨ੍ਹਾਂ ਬੀਡੀਪੀਓਜ਼ ਨੂੰ ਵੀ ਹਦਾਇਤ ਕੀਤੀ ਕਿ ਇਸ ਸਬੰਧੀ ਢਿੱਲਮੱਠ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।