ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਜੂਨ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੀ ਦੋ-ਰੋਜ਼ਾ ਸੂਬਾਈ ਵਰਕਸ਼ਾਪ ਦੇ ਆਖ਼ਰੀ ਦਿਨ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਵਿਦਿਆਰਥੀਆਂ ਨੂੰ ਸਾਬਕਾ ਆਗੂ ਪ੍ਰਿਥੀਪਾਲ ਮਾੜੀਮੇਘਾ ਨੇ ਕਿਹਾ ਕਿ ਕਿਸੇ ਵੀ ਜਥੇਬੰਦੀ ਦੇ ਪਸਾਰ ਅਤੇ ਉਹਦੇ ਆਪਣੇ ਰਾਜਨੀਤਿਕ ਪੱਖ ਨੂੰ ਪੇਸ਼ ਕਰਨ ਲਈ ਇਸ ਵਿੱਚ ਅਖਬਾਰ ਦਾ ਸਭ ਤੋਂ ਵੱਧ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀ ਨੂੰ ਆਪਣਾ ਅਖਬਾਰ ਛਾਪ ਕੇ ਵੰਡਣਾ ਚਾਹੀਦਾ ਹੈ ਤਾਂ ਕਿ ਉਹ ਵਿਦਿਆਰਥੀਆਂ ਦੇ ਮਸਲਿਆਂ ਨੂੰ ਉਭਾਰ ਸਕਣ। ਏਆਈਐੱਸਐੱਫ ਦੇ ਪ੍ਰਧਾਨ ਲਵਪ੍ਰੀਤ ਮਾੜੀਮੇਘਾ, ਸਕੱਤਰ ਵਰਿੰਦਰ ਖੁਰਾਣਾ ਤੇ ਸੂਬਾ ਕੌਂਸਲ ਮੈਂਬਰ ਰਾਹੁਲ ਨੇ ਅਖਬਾਰ ਦੀ ਰਣਨੀਤੀ ਵਿਦਿਆਰਥੀਆਂ ਸਾਹਮਣੇ ਰੱਖੀ ਜਿਸਨੂੰ ਲੈ ਕੇ ਵਿਦਿਆਰਥੀਆਂ ਨੇ ਆਪਣੇ-ਆਪਣੇ ਸੁਝਾਅ ਵੀ ਦਰਜ ਕਰਵਾਏ। ਜਥੇਬੰਦੀ ਨੇ ਵਿਚਾਰ-ਚਰਚਾ ਤੋਂ ਬਾਅਦ ਸਰਬ-ਸੰਮਤੀ ਨਾਲ ਅਖ਼ਬਾਰ ਦਾ ਨਾਮ ‘ਦਿ ਸਟੂਡੈਂਟ’ ਪ੍ਰਵਾਨ ਕਰ ਲਿਆ ਗਿਆ। ਜਿਹਦੇ ਸੰਪਾਦਕਾਂ ਦੀ ਜ਼ਿੰਮੇਵਾਰੀ ਸਾਂਝੇ ਤੌਰ ’ਤੇ ਲਵਪ੍ਰੀਤ ਮਾੜੀਮੇਘਾ ਅਤੇ ਵਰਿੰਦਰ ਨੂੰ ਸੌਂਪੀ ਗਈ, 6 ਮੈਂਬਰੀ ਸੰਪਾਦਕੀ ਬੋਰਡ ਅਤੇ 6 ਮੈਂਬਰੀ ਸੂਚਨਾ ਸੰਗ੍ਰਹਿ ਕਮੇਟੀ ਬਣਾਈ ਗਈ। ਪ੍ਰਿਥੀਪਾਲ ਵੱਲੋਂ ਭਵਿੱਖੀ ਰਣਨੀਤੀ ਦੱਸਣ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਉੱਤੇ ਪਹਿਲਾਂ ਨਾਲੋਂ ਵਧੇਰੇ ਜ਼ੋਰ ਦਿੱਤਾ ਗਿਆ।