ਹਤਿੰਦਰ ਮਹਿਤਾ
ਜਲੰਧਰ 16 ਨਵੰਬਰ
ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ 18ਵਾਂ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) 17 ਤੋਂ 24 ਨਵੰਬਰ ਤੱਕ ਕਰਵਾਇਆ ਜਾਵੇਗਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਕਪੂਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਇਸ ਸਾਲ ਕੁਲ 13 ਟੀਮਾਂ ਭਗ ਲੈ ਰਹੀਆਂ ਹਨ। ਇਹ ਟੂਰਨਾਮੈਂਟ ਲੀਗ ਕਮ ਨਾਕਆਊਟ ਦੇ ਆਧਾਰ ’ਤੇ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਜੇਤੂ ਟੀਮ ਨੂੰ ਮਾਤਾ ਪ੍ਰਕਾਸ਼ ਕੌਰ ਕੱਪ ਦੇ ਨਾਲ ਨਾਲ ਇਕ ਲੱਖ 50 ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ, ਜਦਕਿ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ ਅਤੇ ਟਰਾਫੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 80000 ਰੁਪਏ ਨਕਦ ਅਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 60000 ਰੁਪਏ ਨਕਦ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਾਕੀ ਇੰਡੀਆ ਵਲੋਂ ਹਰਿੰਦਰ ਸਿੰਘ ਸੰਘਾ ਨੂੰ ਟੂਰਨਾਮੈਂਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਜਦਕਿ ਓਲੰਪੀਅਨ ਸੰਜੀਵ ਕੁਮਾਰ ਮੁੱਖ ਆਬਜ਼ਰਵਰ ਹੋਣਗੇ। ਟੂਰਨਾਮੈਂਟ ਦਾ ਉਦਘਾਟਨ ਨਾਮਧਾਰੀ ਸਤਿਗੁਰੂ ਉਦੈ ਸਿੰਘ ਵਲੋਂ 17 ਨਵੰਬਰ ਨੂੰ ਬਾਅਦ ਦੁਪਹਿਰ 12:30 ਵਜੇ ਕੀਤਾ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਆਰਮੀ ਬੁਆਏਜ਼ ਸਪੋਰਟਸ ਕੰਪਨੀ (ਬੈਂਗਲੁਰੂ) ਅਤੇ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਦਰਮਿਆਨ ਖੇਡਿਆ ਜਾਵੇਗਾ। ਅੱਜ ਦੀ ਪ੍ਰੈਸ ਕਾਨਫਰੰਸ ਸਮੇਂ ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ,ਉਲੰਪੀਅਨ ਸੰਜੀਵ ਕੁਮਾਰ, ਅੰਤਰਰਾਸ਼ਟਰੀ ਖਿਡਾਰੀ ਜਗਦੀਪ ਸਿੰਘ ਗਿੱਲ, ਰਿਪੁਦਮਨ ਕੁਮਾਰ ਸਿੰਘ, ਦਲਜੀਤ ਸਿੰਘ ਢਿੱਲੋਂ, ਰਾਮ ਸਰਨ, ਤੇਜਾ ਸਿੰਘ, ਹਰਿੰਦਰ ਸਿੰਘ ਸੰਘਾ, ਬਲਜੀਤ ਸਿੰਘ ਰੰਧਾਵਾ, ਐਨ ਕੇ ਵਿੱਗ, ਕੁਲਜੀਤ ਰੰਧਾਵਾ ਅਤੇ ਬਲਜੋਤ ਸਿੰਘ ਸੰਘਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।