ਪੱਤਰ ਪ੍ਰੇਰਕ
ਜਲੰਧਰ, 30 ਅਕਤੂਬਰ
ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੀਵਾਲੀ ਸਬੰਧੀ ਕਰਵਾਏ ਸਮਾਗਮ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਸਕੂਲ ਦੇ ਬੱਚਿਆਂ ਤੇ ਸਟਾਫ ਨੂੰ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਸਕੂਲ ਦੇ ਬੱਚਿਆਂ ਨੂੰ ਦੀਵਾਲੀ ਦੀ ਮਹੱਤਤਾ ਦੱਸਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਖੁਸ਼ੀਆਂ ਦੇ ਤਿਉਹਾਰ ਵਿਚ ਅਜੋਕੇ ਸਮੇਂ ਦੌਰਾਨ ਪਟਾਕੇ ਚਲਾਉਣ ਦੀ ਪਈ ਪਿਰਤ ਵਾਤਾਵਰਨ ਦਾ ਵੱਡਾ ਨੁਕਸਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਇਕ ਤਰ੍ਹਾਂ ਨਾਲ ਪਟਾਕਿਆਂ ਦੇ ਰੂਪ ਵਿਚ ਨੋਟਾਂ ਨੂੰ ਅੱਗ ਲਗਾ ਕਰੋੜਾਂ ਰੁਪਏ ਫੂਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਰੂਪ ਵਿਚ ਫੂਕੇ ਜਾਣ ਵਾਲੇ ਇਹ ਪੈਸੇ ਲੋੜਵੰਦਾਂ ਦੀ ਮਦਦ ਕਰ ਕੇ ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਪਹਿਰਾ ਦੇ ਕੇ ਅਸੀਸਾਂ ਦੇ ਨਾਲ ਨਾਲ ਇਨ੍ਹਾਂ ਪੈਸਿਆਂ ਦਾ ਵੱਧ ਲਾਹਾ ਲਿਆ ਜਾ ਸਕਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਰੋਸ਼ਨੀ ਦੇ ਤਿਉਹਾਰ ਮੌਕੇ ਘਰਾਂ ਨੂੰ ਰੁਸ਼ਨਾਉਣ ਦੇ ਨਾਲ-ਨਾਲ ਆਪਣੇ ਹਿਰਦਿਆਂ ਨੂੰ ਵੀ ਰੁਸ਼ਨਾਉਣਾ ਚਾਹੀਦਾ ਹੈ।
ਇਸ ਮੋਕੇ ਸਮਾਗਮ ਵਿੱਚ ਸੁਰਜੀਤ ਸਿੰਘ ਸ਼ੰਟੀ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਰਜਵੰਤ ਕੌਰ, ਪ੍ਰਿੰਸੀਪਲ ਸਤਪਾਲ ਸਿੰਘ ਤੇ ਸਕੂਲ ਸਟਾਫ ਹਾਜ਼ਰ ਸੀ।