ਪੱਤਰ ਪ੍ਰੇਰਕ
ਜਲੰਧਰ, 16 ਸਤੰਬਰ
ਸ੍ਰੀ ਸਿੱਧ ਬਾਬਾ ਸੋਢਲ ਮੇਲਾ ਅੱਜ ਹਵਨ ਯੱਗ ਤੇ ਝੰਡੇ ਦੀ ਰਸਮ ਸ਼ੁਰੂ ਹੋ ਗਿਆ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਅਨੰਤ ਚੌਦਸ ਦੇ ਦਿਹਾੜੇ ’ਤੇ ਮਨਾਏ ਜਾਣ ਵਾਲੇ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਲਈ ਮੰਦਰ ਦੇ ਵਿਹੜੇ ਤੇ ਮੰਦਰ ਨੂੰ ਜਾਣ ਵਾਲੇ ਰਸਤਿਆਂ ਨੂੰ ਖੂਬਸੂਬਤ ਢੰਗ ਨਾਲ ਸਜਾਇਆ ਗਿਆ ਹੈ। ਕਈ ਥਾਵਾਂ ’ਤੇ ਸਟਾਲ ਲਗਾਏ ਗਏ ਹਨ ਤੇ ਕਈ ਥਾਵਾਂ ’ਤੇ ਝੂਲੇ ਲਗਾਏ ਗਏ ਹਨ। ਮੇਲੇ ਵਾਲੇ ਦਿਨ ਭੀੜ ਹੋਣ ਦੀ ਸੰਭਾਵਨਾ ਤੇ ਐਤਵਾਰ ਛੁੱਟੀ ਹੋਣ ਕਾਰਨ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਜਾਣ ਕਾਰਨ ਮੇਲਾ ਦੋ ਦਿਨ ਪਹਿਲਾਂ ਹੀ ਸਜ ਗਿਆ ਸੀ। ਸ਼ਰਧਾਲੂ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਵਾਜੇ ਤੇ ਢੋਲ ਦੀ ਧੁਨ ਨਾਲ ਮੰਦਰ ਪਹੁੰਚੇ। ਦੂਜੇ ਪਾਸੇ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਦੁਪਹਿਰ ਵੇਲੇ ਹੀ ਮੰਦਰ ਦੇ ਬਾਹਰ ਬੈਰੀਕੇਡ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੰਦਰ ਤੋਂ ਕਰੀਬ ਅੱਧਾ ਕਿਲੋਮੀਟਰ ਤੱਕ ਵਾਹਨਾਂ ਰਾਹੀਂ ਸ਼ਰਧਾਲੂਆਂ ਦੀ ਸਿੱਧੀ ਐਂਟਰੀ ਬੰਦ ਕਰ ਦਿੱਤੀ ਗਈ। ਇਸ ਲਈ ਬੈਰੀਕੇਡ ਤੋਂ ਮੰਦਰ ਤੱਕ ਸ਼ਰਧਾਲੂ ਪੈਦਲ ਹੀ ਦਰਸ਼ਨਾਂ ਲਈ ਪਹੁੰਚ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਅਨੰਤ ਚੌਦਸ ਤੋਂ ਪਹਿਲਾਂ ਐਤਵਾਰ ਤੋਂ ਸ਼ੁਰੂ ਹੋ ਕੇ ਅਨੰਤ ਚੌਦਸ ਤੋਂ ਬਾਅਦ ਆਉਣ ਵਾਲੇ ਐਤਵਾਰ ਤੱਕ ਰਹਿੰਦਾ ਹੈ।ਇਸ ਸਬੰਧੀ ਕਮੇਟੀ ਪ੍ਰਧਾਨ ਯਸ਼ਪਾਲ ਠਾਕੁਰ ਤੇ ਚੇਅਰਮੈਨ ਓਮ ਪ੍ਰਕਾਸ਼ ਸੱਪਲ ਨੇ ਕਿਹਾ ਕਿ ਸੰਸਥਾ ਵੱਲੋਂ ਸ਼ਾਮ 4.30 ਵਜੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸੇ ਤਰ੍ਹਾਂ ਦੋ ਦਿਨ ਚੱਲਣ ਵਾਲੇ ਲੰਗਰ ਦੀ ਸ਼ੁਰੂਆਤ ਭਗਵਤੀ ਜਗਰਾਤੇ ਨਾਲ ਕੀਤੀ ਗਈ ਜਿਸ ’ਚ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਜਲੰਧਰ ’ਚ ਅੱਜ ਛੁੱਟੀ ਦਾ ਐਲਾਨ
ਜਲੰਧਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸ਼੍ਰੀ ਸਿੱਧ ਬਾਬਾ ਸੋਢਲ ਮਹਾਰਾਜ ਦੀ ਯਾਦ ’ਚ ਲਾਏ ਜਾ ਰਹੇ ਮੇਲੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਜਲੰਧਰ ਸਥਿਤ ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ/ ਨਿਗਮਾਂ /ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਪੰਜਾਬ ਸਰਕਾਰ ਦੀਆਂ ਸੰਸਥਾਵਾਂ ਵਿੱਚ 17 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। -ਪੱਤਰ ਪ੍ਰੇਰਕ