ਜਲੰਧਰ (ਨਿੱਜੀ ਪੱਤਰ ਪ੍ਰੇਰਕ) ਲੰਘੀਆਂ ਵਿਧਾਨ ਸਭਾ ਚੋਣਾਂ ’ਚ ਜਲੰਧਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜੇ ਮਹਿੰਦਰ ਭਗਤ ਦੇ ਗੰਨਮੈਨ ਦੀ ਸਟੇਨਗੰਨ ’ਚੋਂ ਅਚਾਨਕ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ (44) ਵਾਸੀ ਕ੍ਰਿਸ਼ਨਾ ਨਗਰ ਵਜੋਂ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਲੰਘੀ ਦੇਰ ਸ਼ਾਮ ਹਰਪਾਲ ਸਿੰਘ ਡਿਊਟੀ ਕਰਕੇ ਆਪਣੇ ਘਰ ਆ ਗਿਆ ਸੀ। ਉਹ ਦੇਰ ਰਾਤ ਆਪਣੀ ਸਟੇਨਗੰਨ ਨੂੰ ਸਾਫ ਕਰ ਰਿਹਾ ਸੀ ਕਿ ਇਸੇ ਦੌਰਾਨ ਗੋਲੀ ਚੱਲ ਗਈ। ਜਿਹੜੀ ਹਰਪਾਲ ਸਿੰਘ ਦੇ ਲੱਗੀ ਤੇ ਉਹ ਬੇਸੁੱਧ ਹੋ ਕੇ ਡਿੱਗ ਪਿਆ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਤੇ ਗੁਆਂਢੀ ਉਸ ਦੇ ਕਮਰੇ ਵੱਲ ਦੌੜੇ। ਮੌਕੇ ’ਤੇ ਦੇਖਿਆ ਕਿ ਹਰਪਾਲ ਸਿੰਘ ਖੂਨ ਨਾਲ ਲੱਥਪੱਥ ਡਿੱਗਿਆ ਪਿਆ ਸੀ। ਉਸ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ ਜਿਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਪੁਲੀਸ ਵੀ ਹਸਪਤਾਲ ਪਹੁੰਚ ਗਈ। ਪੁਲੀਸ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ ਕਿ ਗੰਨਮੈਨ ਹਰਪਾਲ ਸਿੰਘ ਕੋਲੋਂ ਸੱਚਮੁੱਚ ਹੀ ਸਟੇਨਗੰਨ ਸਾਫ ਕਰਦਿਆਂ ਹੀ ਗੋਲੀ ਚੱਲੀ ਹੈ ਜਾਂ ਫਿਰ ਉਸ ਨੇ ਕਿਸੇ ਪ੍ਰੇਸ਼ਾਨੀ ਵਿਚ ਆ ਕੇ ਖੁਦਕੁਸ਼ੀ ਕੀਤੀ ਹੈ।