ਪਾਲ ਸਿੰਘ ਨੌਲੀ
ਜਲੰਧਰ, 12 ਨਵੰਬਰ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਵਿਚੋਂ ਕੱਢ ਦਿੱਤੇ ਗਏ ਸਾਬਕਾ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਉਤੇ ਕਥਿਤ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਦੱਸਣਯੋਗ ਹੈ ਕਿ ਬੈਨੀਵਾਲ ਬਸਪਾ ਦੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਦੇ ਵੀ ਕੇਂਦਰੀ ਸੂਬਾ ਇੰਚਾਰਜ ਹਨ, ਜਿਨ੍ਹਾਂ ਉਤੇ ਗੜ੍ਹੀ ਨੇ ਕਥਿਤ ਭ੍ਰਿਸ਼ਟਾਚਾਰ ਅਤੇ ਪਾਰਟੀ ਫੰਡਾਂ ਵਿਚ ਕਥਿਤ ਗ਼ਬਨ ਕਰ ਕੇ ਵੱਡੀਆਂ ਜਾਇਦਾਦਾਂ ਬਣਾਉਣ ਅਤੇ ਮਹਿੰਗੀਆਂ ਕਾਰਾਂ ਖ਼ਰੀਦਣ ਦੇ ਦੋਸ਼ ਲਾਏ ਹਨ।
ਗੜ੍ਹੀ ਨੂੰ ਬੀਤੀ 5 ਨਵੰਬਰ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਸੀ। ਗੜ੍ਹੀ ਨੇ ਬੈਨੀਵਾਲ ਉਤੇ ਦੋਸ਼ ਲਾਉਂਦਿਆਂ ਮੰਗਲਵਾਰ ਨੂੰ ਆਪਣੇ ਵੈਰੀਫਾਈਡ ‘ਐਕਸ’ ਖ਼ਾਤੇ ਤੋਂ ਇਕ ਪੋਸਟ ਸਾਂਝੀ ਕੀਤੀ ਹੈ। ਹਿੰਦੀ ਵਿੱਚ ਲਿਖੀ ਗਈ ਇਸ ਪੋਸਟ ਵਿਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ, ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਕੇਂਦਰੀ ਆਗੂਆਂ ਸਤੀਸ਼ ਮਿਸ਼ਰਾ, ਰਾਮਜੀ ਗੌਤਮ ਆਦਿ ਨੂੰ ਵੀ ਟੈਗ ਕੀਤਾ ਗਿਆ ਹੈ। ਉਧਰ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਿਰਮੂਲ ਦੱਸਿਆ ਹੈ।
ਜਸਬੀਰ ਗੜ੍ਹੀ ਨੇ ਆਪਣੀ ਇਸ ਪੋਸਟ ਵਿਚ ਲਿਖਿਆ ਹੈ, ‘‘ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਿਸ ਗੱਲ ਲਈ ਉਨ੍ਹਾਂ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਤੋਂ ਫੋਨ ਕਰਕੇ ਸਮਾਂ ਮੰਗਿਆ ਹੈ, ਉਹ ਮੇਰੇ ਦਿਲ ’ਚ ਹੀ ਨਾ ਰਹਿ ਜਾਵੇ, ਇਸ ਲਈ ਸਾਰਾ ਮਾਮਲਾ ਲੋਕਾਂ ਦੀ ਕਚਹਿਰੀ ਵਿੱਚ ਸਬੂਤਾਂ ਸਮੇਤ ਪੇਸ਼ ਕਰ ਰਿਹਾ ਹਾਂ, ਜਿਸ ਲਈ ਮੈਂ ਭੈਣ ਮਾਇਆਵਤੀ ਜੀ ਤੋਂ ਮੁਲਾਕਾਤ ਲਈ 5 ਨਵੰਬਰ ਨੂੰ ਪਾਰਟੀ ਦਫ਼ਤਰ ਵਿਚ ਫੋਨ ਕੀਤਾ ਸੀ।’’
ਉਨ੍ਹਾਂ ਰਣਧੀਰ ਸਿੰਘ ਬੈਨੀਵਾਲ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਜਿਥੇ ਪਾਰਟੀ ਵਰਕਰਾਂ ਤੋਂ ਮੋਟਰਸਾਈਕਲ ਵੀ ਨਹੀਂ ਖਰੀਦਿਆ ਜਾ ਰਿਹਾ ਤਾਂ ਉਥੇ ਬੈਨੀਵਾਲ ਨੇ 7 ਕਰੋੜ ਰੁਪਏ ਦੀਆਂ 13 ਜ਼ਮੀਨਾਂ/ਪਲਾਟ/ਦੁਕਾਨਾਂ ਕਿਵੇਂ ਖਰੀਦ ਲਈਆਂ ਹਨ? ਨਾਲ ਹੀ 4 ਕਰੋੜ ਦੀ ਲਾਗਤ ਵਾਲੇ ਦੋ ਮਹਿਲਾਂ ਵਰਗੇ ਘਰ ਅਤੇ ਸ਼ੋਅਰੂਮ ਕਿਵੇਂ ਬਣਾ ਲਏ? ਨਾਲ ਹੀ ਉਨ੍ਹਾਂ ਬੈਨੀਵਾਲ ਉਤੇ ਚਾਰ ਸਾਲਾਂ ’ਚ 80 ਲੱਖ ਰੁਪਏ ਦੀਆਂ ਚਾਰ ਗੱਡੀਆਂ ਖ਼ਰੀਦਣ ਦੇ ਦੋਸ਼ ਵੀ ਲਾਏ ਹਨ।
ਗ਼ੌਰਤਲਬ ਹੈ ਕਿ ਬੈਨੀਵਾਲ ਉਤੇ ਬੀਤੇ ਮਹੀਨੇ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਥੋਂ ਦੇ ਕਥਿਤ ਬਸਪਾ ਵਰਕਰਾਂ ਵੱਲੋਂ ਵੀ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਅਜਿਹੇ ਹੀ ਦੋਸ਼ ਲਾਏ ਜਾ ਰਹੇ ਹਨ।
ਉਨ੍ਹਾਂ ਬੈਨੀਵਾਲ ਉਤੇ ‘ਪਾਰਟੀ ਦੀਆਂ ਟਿਕਟਾਂ ਵੇਚ ਕੇ ਇਕੱਠੇ ਕੀਤੇ ਸਾਰੇ ਫੰਡ ਕੇਂਦਰੀ ਦਫ਼ਤਰ ਵਿਚ ਜਮ੍ਹਾਂ ਨਾ ਕਰਵਾਉਣ’ ਦੇ ਦੋਸ਼ ਵੀ ਲਾਏ ਹਨ। ਪੰਜਾਬ ਦੇ ਬਸਪਾ ਦਫਤਰ ਦੇ ‘ਮੈਨਟੀਨੈਂਸ ਫੰਡ ਹਰ ਮਹੀਨੇ ਔਸਤਨ 60/70 ਹਜ਼ਾਰ ਰੁਪਏ ਚੋਰੀ’ ਕਰਨ ਦੇ ਦੋਸ਼ ਵੀ ਲਾਏ ਹਨ ਤੇ ਇੰਝ ਕੁੱਲ ਰਕਮ 30 ਲੱਖ ਰੁਪਏ ਲੁੱਟਣ ਦੇ ਦੋਸ਼ ਲਾਏ ਹਨ। ਟਵੀਟ ਵਿਚ ਬੈਨੀਵਾਲ ਦੇ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਲਿਖੇ ਹਨ, ਜਿਨ੍ਹਾਂ ਦੇ ਨਾਂ ਉਤੇ ਸਬੰਧਤ ਜਾਇਦਾਦਾਂ ਬੋਲਦੀਆਂ ਹਨ।
ਜਸਵੀਰ ਸਿੰਘ ਗੜ੍ਹੀ ਵੱਲੋਂ ਪਾਈ ਗਈ ‘ਐਕਸ’ ਪੋਸਟ
#सबूत_के_लिए_व्हाट्सएप_करे_9478670587_ज़मीन_की_फर्द_व_गाड़ी_RC_बांग्ला_शोरूम
*बहन मायावती को किए फोन कॉल की बात का ब्यौरा जनता की कचहरी में रख रहा हु* – जसवीर सिंह गढ़ी
*बसपा प्रभारी रणधीर बेनीवाल के झूठ, सीनाजोरी व साजिश से मुझे राजनीतिक तौर पर कत्ल किया गया है* – जसवीर सिंह… pic.twitter.com/XdYY1rcAUg
— Jasvir Singh Garhi (@JasvirSGarhi) November 12, 2024
ਗੜ੍ਹੀ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਬਹੁਜਨ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਬਾਨੀ ‘ਸਾਹਿਬ ਕਾਂਸ਼ੀ ਰਾਮ ਵੱਲੋਂ ਦਿੱਤੀਆਂ ਕਦਰਾਂ-ਕੀਮਤਾਂ’ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ, ‘‘ਇਸ ਦੌਰਾਨ ਕੁਝ ਲੁਟੇਰੇ ਅਤੇ ਡਕੈਤ ਪ੍ਰਭਾਰੀ (ਇੰਚਾਰਜ) ਬਣ ਕੇ ਆਏ, ਬਹੁਜਨ ਸਮਾਜ ਦਾ ਸਮਾਂ ਤੇ ਪੈਸਾ ਲੁੱਟਿਆ ਅਤੇ ਕਰੋੜਾਂ ਦੀ ਜਾਇਦਾਦ ਬਣਾ ਕੇ ਬਹੁਜਨ ਸਮਾਜ ਪਾਰਟੀ ਨੂੰ ਹਨੇਰੇ ਵਿੱਚ ਛੱਡ ਦਿੱਤਾ।’’
ਉਨ੍ਹਾਂ ਕਿਹਾ ਕਿ ਇਸ ਤੋਂ ਵੀ ਦੁਖਦਾਈ ਗੱਲ ਉਨ੍ਹਾਂ ਤੇ ਉਨ੍ਹਾਂ ਵਰਗੇ ਹੋਰ ਜੁਝਾਰੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ‘ਪਾਰਟੀ ਵੱਲੋਂ ਆਪਣੀ ਕਬਰ ਖੁਦ ਪੁੱਟਣ ਦੇ ਬਰਾਬਰ ਹੈ’।
ਕੀ ਕਹਿਣਾ ਹੈ ਬਸਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦਾ?
ਬਸਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ‘ਨਿਰਮੂਲ ਤੇ ਬੇਬੁਨਿਆਦ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਗੜ੍ਹੀ ਨੂੰ ਪਾਰਟੀ ਵਿੱਚੋੰ ਕੱਢਿਆ ਜਾ ਚੁੱਕਾ ਹੈ ਤਾਂ ਉਹ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਜੋ ਵੀ ਜਾਇਦਾਦਾਂ ਬਣਾਈਆਂ ਹਨ ‘ਉਹ ਮਿਹਨਤ ਕਰ ਕੇ’ ਬਣਾਈਆਂ ਹਨ।
ਬੈਨੀਵਾਲ ਨੇ ਕਿਹਾ, ‘‘ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਹਲਕਿਆਂ ਵਿੱਚ ਚੋਣਾਂ ਲੜਨ ਲਈ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਹਰੀ ਝੰਡੀ ਦੇ ਦਿੱਤੀ ਸੀ ਪਰ ਸੂਬੇ ਦੇ ਪ੍ਰਧਾਨ ਹੁੰਦਿਆਂ ਗੜ੍ਹੀ ਨੂੰ ਚਾਰ ਉਮੀਦਵਾਰ ਨਹੀਂ ਲੱਭੇ।’’ ਬੈਨੀਵਾਲ ਨੇ ਗੜ੍ਹੀ ਵੱਲੋਂ ਲਾਏ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ।