ਪਾਲ ਸਿੰਘ ਨੌਲੀ
ਜਲੰਧਰ, 18 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰ-ਜ਼ਿਲ੍ਹਾ ਨਾਕੇ ਲਗਾਏ ਗਏ ਹਨ। ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸਐੱਸਪੀ ਜਲੰਧਰ (ਦਿਹਾਤੀ) ਅੰਕੁਰ ਗੁਪਤਾ ਵੱਲੋਂ ਸਾਂਝੇ ਤੌਰ ’ਤੇ ਇੰਨ੍ਹਾਂ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਥੇ ਸਤਲੁਜ ਦਰਿਆ ਦੇ ਪੁਲ ’ਤੇ ਗਿੱਦੜਪਿੰਡੀ ਵਾਲੇ ਪਾਸੇ ਲਗਾਏ ਅੰਤਰ-ਜ਼ਿਲ੍ਹਾ ਨਾਕੇ ਦਾ ਨਿਰੀਖਣ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸਐੱਸਪੀ ਨੇ ਚੈੱਕ ਪੋਸਟ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਦੋਵਾਂ ਅਧਿਕਾਰੀਆਂ ਨੇ ਗੱਡੀਆਂ ਰਾਹੀ ਨਗਦੀ, ਸ਼ਰਾਬ, ਨਸ਼ਿਆਂ ਦੀ ਹੋ ਰਹੀ ਸੰਭਾਵੀ ਆਵਾਜਾਈ ਦੀ ਚੈਕਿੰਗ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੋਵਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਲੋਕ ਸਭਾ ਦੀ ਚੋਣ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਫਲਾਇੰਗ ਸਕੁਐਡ ਟੀਮਾਂ ਨੂੰ ਗਸ਼ਤ ਹੋਰ ਵਧਾਉਣ ਦੇ ਨਿਰਦੇਸ਼ ਦੇਣ ਦੇ ਨਾਲ-ਨਾਲ ਫੀਲਡ ਵਿੱਚ ਚੌਕਸੀ ਵਧਾਉਣ ਲਈ ਵੀ ਕਿਹਾ ਤਾਂ ਜੋ ਨਗਦੀ, ਨਸ਼ਿਆਂ ਜਾਂ ਹੋਰ ਕੀਮਤੀ ਵਸਤਾਂ ਜ਼ਰੀਏ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕਿਸੇ ਵੀ ਸੰਭਾਵਨਾਂ ਨੂੰ ਖਾਰਜ ਕੀਤਾ ਜਾ ਸਕੇ। ਉਨ੍ਹਾਂ ਚੌਕਸੀ ਟੀਮਾਂ ਨੂੰ ਰਾਤ ਵੇਲੇ ਸਖ਼ਤ ਨਿਗ੍ਹਾ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ। ਜ਼ਿਲ੍ਹਾ ਚੋਣ ਅਫ਼ਸਰ ਤੇ ਐੱਸਐੱਸਪੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦਾ ਨਿਰੀਖਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ।