ਨਿੱਜੀ ਪੱਤਰ ਪ੍ਰੇਰਕ
ਜਲੰਧਰ 5 ਦਸੰਬਰ
ਲੇਖਕ ਡਾ. ਐਸ.ਐਸ. ਛੀਨਾ ਅਤੇ ਲਾਲ ਅਠੌਲੀ ਵਾਲੇ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੇ ਗਏ ਸਮਾਗਮ ਦੌਰਾਨ ‘ਕੇਵਲ ਵਿੱਗ ਐਵਾਰਡ-2021’ ਨਾਲ ਸਨਮਾਨਿਤ ਕੀਤਾ ਗਿਆ। ਸਾਹਿਤ ਪ੍ਰੇਮੀ ਅਤੇ ਪ੍ਰਮੁੱਖ ਪੱਤਰਕਾਰ ਮਰਹੂਮ ਕੇਵਲ ਵਿੱਗ ਦੀ 29 ਵੀਂ ਬਰਸੀ ਦੇ ਮੌਕੇ ’ਤੇ ਇਹ ਐਵਾਰਡ ਪ੍ਰਦਾਨ ਕੀਤੇ ਗਏ। ਕੇਵਲ ਵਿੱਗ ਫਾਊਂਡੇਸ਼ਨ ਦੇ ਮੁਖੀ ਜਤਿੰਦਰ ਮੋਹਨ ਵਿੱਗ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਾਹਿਤਕ ਦੁਨੀਆਂ ਵਿੱਚ ਇਸ ਐਵਾਰਡ ਦੀ ਵੱਖਰੀ ਪਛਾਣ ਹੈ ਅਤੇ ਹੁਣ ਤੱਕ 59 ਪ੍ਰਸਿੱਧ ਲੇਖਕ ਅਤੇ ਕਵੀ ਇਸ ਯਾਦਗਾਰੀ ਐਵਾਰਡ ਨੂੰ ਪ੍ਰਾਪਤ ਕਰ ਚੁੱਕੇ ਹਨ।
ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਹਰਜਿੰਦਰ ਸਿੰਘ ਜਿੰਦੀ ਅਤੇ ਜਗਦੀਸ਼ ਕਟਾਰੀਆ ਨੇ ਧਾਰਮਿਕ ਸ਼ਬਦ ਗਾਇਨ ਕੀਤਾ। ਤਨਮਨਜੀਤ ਕੌਰ, ਜਰਨੈਲ ਸਿੰਘ ਸਬ ਇੰਸਪੈਕਟਰ, ਸੁਰਿੰਦਰ ਗੁਲਸ਼ਨ, ਅਮਰਜੀਤ ਸਿੰਘ, ਬਲਵਿੰਦਰ ਦਿਲਦਾਰ ਅਤੇ ਦਲਵਿੰਦਰ ਦਿਆਲਪੁਰੀ ਨੇ ਸਾਹਿਤਕ ਰੰਗ ਦੀ ਗਾਇਕੀ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ। ਮੁੱਖ ਮਹਿਮਾਨ ਸਾਬਕਾ ਆਈ.ਜੀ. ਤੇ ਆਪ ਦੇ ਆਗੂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਰਹੂਮ ਪੱਤਰਕਾਰ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਆਪਣੀ ਕਲਮ ਰਾਹੀਂ ਸਮਾਜ ਨੂੰ ਚੰਗੀ ਸੇਧ ਪ੍ਰਦਾਨ ਕੀਤੀ।
ਪ੍ਰਧਾਨਗੀ ਮੰਡਲ ਵਿੱਚ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਚੇਤਨ ਸਿੰਘ, ਓਮ ਪ੍ਰਕਾਸ਼ ਖੇਮਕਰਨੀ, ਦਿਲਬਾਗ ਸਿੰਘ ਗਿੱਲ, ਕਮਲ ਸਹਿਗਲ, ਪ੍ਰਧਾਨ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਰਾਜਿੰਦਰ ਗਿੱਲ ਅਤੇ ਸ਼ਿਵ ਕੰਵਰ ਸਿੰਘ ਸੰਧੂ ਹਾਜ਼ਰ ਸਨ। ਮੰਚ ਸੰਚਾਲਨ ਗਗਨਦੀਪ ਸੋਂਧੀ ਨੇ ਕੀਤਾ। ਇਸ ਮੌਕੇ ਸ਼ਹਿਰ ਦੇ ਬੁੱਧੀਜੀਵੀ, ਲੇਖਕ, ਕਵੀ, ਵਕੀਲ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।