ਜਲੰਧਰ: ਇਥੋਂ ਦੇ ਨਗਰ ਨਿਗਮ ਦੇ ਕਮਿਸ਼ਨਰ ਨੇ ਨਿਰਧਾਰਤ ਸਮੇਂ ਤੋਂ ਦੇਰ ਨਾਲ ਕੰਮ ਕਰਨ ਵਾਲੇ ਠੇਕੇਦਾਰਾਂ ਖਿਲਾਫ ਸਖ਼ਤੀ ਦਿਖਾਉਂਦੇ ਹੋਏ ਉਨ੍ਹਾਂ ਨੂੰ 2.5 ਫੀਸਦੀ ਤੋਂ 10 ਫੀਸਦੀ ਜੁਰਮਾਨਾ ਲਾਇਆ ਹੈ। ਨਿਗਮ ਕਮਿਸ਼ਨਰ ਗੌਤਮ ਜੈਨ ਨੇ ਦੱਸਿਆ ਕਿ ਉਹ ਕੰਮ ’ਚ ਕੁਤਾਹੀ ਅਤੇ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕਰਨਗੇ ਤੇ ਨਾਲ ਹੀ ਜਿਹੜੇ ਵਿਕਾਸ ਕੰਮ ਹੋ ਚੁੱਕੇ ਹਨ ਉਨ੍ਹਾਂ ਦੀ ਸਮੀਖਿਆ ਕਰਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲਾਪ੍ਰਵਾਹੀ ਨਾਲ ਕੰਮ ਕਰਨ ਵਾਲੇ ਠੇਕੇਦਾਰਾਂ ਦੀ ਸੂਚੀ ਵੀ ਤਿਆਰ ਕਰਾਈ ਜਾ ਰਹੀ ਹੈ। ਇਥੇ ਵਰਨਣਯੋਗ ਹੈ ਕਿ ਗੌਤਮ ਜੈਨ ਨਗਰ ਨਿਗਮ ਦੇ ਪਹਿਲੇ ਅਜਿਹੇ ਕਮਿਸ਼ਨਰ ਹਨ ਜਿਨ੍ਹਾਂ ਨੇ ਵਿਕਾਸ ਕੰਮਾਂ ਬਾਰੇ ਸਮੀਖਿਆ ਕਰਕੇ ਲਾਪਰਵਾਹੀ ਕਰਨ ਵਾਲੀਆਂ ਤਿੰਨ ਠੇਕਾ ਕੰਪਨੀਆਂ ਨੂੰ ਕਾਲੀ ਸੂਚੀ ਵਿੱਚ ਪਾਇਆ ਹੈ। -ਪੱਤਰ ਪ੍ਰੇਰਕ