ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਅਕਤੂਬਰ
ਸਰਵ ਸਿੱਖਿਆ ਅਭਿਆਨ ਮਿਡ ਡੇਅ ਮੀਲ ਦੇ ਦਫਤਰੀ ਮੁਲਾਜ਼ਮਾਂ ਨੇ ਮਿਠਾਈ ਦੇ ਖਾਲੀ ਡੱਬੇ ਲੈ ਕੇ ਜਲੰਧਰ ਵਿਚ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦੇ ਕੱਚੇ ਮੁਲਾਜ਼ਮ ਪਿਛਲੇ 16-17 ਸਾਲਾਂ ਤੋਂ ਦੀਵਾਲੀ ਦੇ ਤੋਹਫੇ ਨੂੰ ਉਡੀਕਦੇ ਆ ਰਹੇ ਹਨ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਹਰ ਸਾਲ ਦੀਵਾਲੀ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵੱੱਡੇ ਵੱਡੇ ਐਲਾਨ ਕਰਦੀਆਂ ਆ ਰਹੀਆਂ ਹਨ ਪਰ ਹਰ ਵਾਰ ਕੱਚੇ ਮੁਲਾਜ਼ਮਾਂ ਦੀ ਦੀਵਾਲੀ ਫਿੱਕੀ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 16 ਸਾਲ ਤੋਂ ਸਰਕਾਰ ਦਾ ਕੰਮ ਕਰ ਰਹੇ ਹਨ ਪਰ ਸਰਕਾਰ ਇਹ ਤਾਂ ਦੱਸੇ ਕਿ ਕੱਚੇ ਮੁਲਾਜ਼ਮਾਂ ਦੀ ਕਦੋਂ ਸੁਣੀ ਜਾਵੇਗੀ। ਮੌਕੇ ’ਤੇ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੀਟਿੰਗ ਕਰਵਾਈ ਗਈ। ਸਿੱਖਿਆ ਮੰਤਰੀ ਵੱਲੋਂ ਉਨ੍ਹਾਂ ਨੂੰ ਰੈਗੂਲਰ ਕਰਨ ਦੇ ਸਬੰਧ ਵਿੱਚ ਜਲਦੀ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਵਿਭਾਗੀ ਮੰਗਾਂ ਦੇ ਸਬੰਧ ਵਿੱਚ ਮੌਕੇ ’ਤੇ ਸਿੱਖਿਆ ਸਕੱਤਰ ਨੂੰ ਫੋਨ ਕਰਕੇ ਮਸਲਾ ਹੱਲ ਕਰਨ ਲਈ ਗੱਲਬਾਤ ਕੀਤੀ। ਸਰਵ ਸਿੱਖਿਆ ਅਭਿਆਨ ਮਿਡ ਡੇਅ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਆਸ਼ੀਸ਼ ਜੁਲਾਹਾ, ਵਿਕਾਸ ਕੁਮਾਰ, ਸਰਬਜੀਤ ਸਿੰਘ, ਪਰਵੀਨ ਸ਼ਰਮਾ, ਦੇਵਿੰਦਰਜੀਤ ਸਿੰਘ, ਚਮਕੌਰ ਸਿੰਘ, ਰਜਿੰਦਰ ਸਿੰਘ ਸੰਧਾ ਆਦਿ ਮੌਜੂਦ ਸਨ।