ਪੱਤਰ ਪ੍ਰੇਰਕ
ਜਲੰਧਰ, 16 ਸਤੰਬਰ
ਗੁੱਜਰਾਂ ਦੇ ਪਸ਼ੂਆਂ ਤੋਂ ਪ੍ਰੇਸ਼ਾਨ ਆਦਮਪੁਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਥਾਣਾ ਆਦਮਪੁਰ ਵਿੱਚ ਵੱਡਾ ਇਕੱਠ ਕੀਤਾ ਗਿਆ। ਇਸ ਸਬੰਧੀ ਗੁਰਦਿਆਲ ਸਿੰਘ ਨਿੱਜਰ ਸੀਨੀਅਰ ਅਕਾਲੀ ਆਗੂ, ਹਰਜੋਤ ਸਿੰਘ ਕਡਿਆਣਾ ਸਰਪੰਚ, ਅਮਰਜੀਤ ਸਿੰਘ ਫਤਿਹਪੁਰ, ਰਣਜੀਤ ਸਿੰਘ ਰਾਣਾ ਕੰਦੋਲਾ, ਮਨਿੰਦਰ ਸਿੰਘ ਚੋਮੋ ਤੇ ਕੁਲਦੀਪ ਸਿੰਘ ਖੁਰਦਪੁਰ ਨੇ ਦੱਸਿਆ ਕਿ ਇਲਾਕੇ ਦੇ ਗੁੱਜਰ ਭਾਈਚਾਰੇ ਦੇ ਪਸ਼ੂਆਂ ਵੱਲੋਂ ਆਏ ਦਿਨ ਸਾਡੀਆਂ ਫਸਲਾਂ ਦਾ ਉਜਾੜਾ ਅਤੇ ਸੜਕਾਂ ਵਿੱਚ ਲੱਗੇ ਬੂਟਿਆਂ ਦਾ ਨੁਕਸਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀ ਇਨ੍ਹਾਂ ਦਾ ਵਿਰੋਧ ਕਰਦੇ ਹਨ ਤਾਂ ਇਹ ਗਾਲੀ ਗਲੋਚ ਤੇ ਹੱਥੋਂ ਪਾਈ ’ਤੇ ਉਤਰ ਆਉਂਦੇ ਹਨ। ਇਸ ਸਬੰਧੀ ਕਈ ਵਾਰ ਡੀਸੀ ਜਲੰਧਰ ਨੂੰ ਸ਼ਿਕਾਇਤਾਂ ਵੀ ਕਰ ਚੁੱਕੇ ਹਨ ਪਰ ਅਜੇ ਤੱਕ ਇਨ੍ਹਾਂ ਖਿਲਾਫ ਕੋਈ ਸਖਤ ਕਾਨੂੰਨੀ ਕਾਰਵਾਈ ਨਹੀਂ ਹੋਈ। ਇਸ ਕਰਕੇ ਅੱਜ ਵੱਖ ਵੱਖ ਪਿੰਡਾਂ ਦੇ ਕਿਸਾਨ ਵੱਲੋਂ ਇਕੱਠ ਕਰਕੇ ਥਾਣਾ ਆਦਮਪੁਰ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ।
ਕਿਸਾਨਾਂ ਦੀ ਸ਼ਿਕਾਇਤ ’ਤੇ ਥਾਣਾ ਮੁਖੀ ਰਵਿੰਦਰਪਾਲ ਸਿੰਘ ਨੇ ਇਲਾਕੇ ਦੇ ਗੁੱਜਰ ਹੰਸਦੀਨ, ਸਾਈ ਮੁਹੰਮਦ ਸ਼ਾਮਦੀਨ ਵਾਸੀ ਚੋਮੋ ਨੂੰ ਥਾਣਾ ਆਦਮਪੁਰ ਬੁਲਾ ਕੇ ਕਿਸਾਨਾਂ ਨਾਲ ਗੱਲਬਾਤ ਕਰਵਾਈ। ਗੁੱਜਰ ਭਾਈਚਾਰੇ ਨੇ ਲਿਖਤੀ ਇਕਰਰਨਾਮਾ ਕੀਤਾ ‘ਜੇਕਰ ਸਾਡੇ ਪਸ਼ੂ ਕਿਸੇ ਕਿਸਾਨ ਦੀ ਫਸਲ ਨੂੰ ਖਰਾਬ ਕਰਦੇ ਹਨ ਤਾਂ ਉਨ੍ਹਾਂ ਦੀ ਪੂਰੀ ਕੀਮਤ ਅਦਾ ਕੀਤੀ ਜਾਵੇਗੀ।’ ਪੁਲੀਸ ਅਧਿਕਾਰੀ ਨੇ ਕਿਹਾ ਕਿ ਜੇਕਰ ਇਹ ਆਪਣੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਮਰਜੀਤ ਸਿੰਘ ਬੈਂਸ, ਪ੍ਰਧਾਨ ਮੰਨਾ ਖੁਰਦਪੁਰ, ਗੁਰਪ੍ਰੀਤ ਸਿੰਘ ਗੋਪੀ, ਜਰਨੈਲ ਸਿੰਘ ਕੰਦੋਲਾ, ਸਰਪੰਚ ਸੁਖਵੰਤ ਸਿੰਘ, ਜਸਵਿੰਦਰ ਸਿੰਘ ਸੈਣੀ ਸਮੇਤ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਹੋਏ।