ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਜਨਵਰੀ
ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਘਰ ਵੱਲ ਰੋਸ ਮਾਰਚ ਕਰ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਰਿਹਾਇਸ਼ ਨੇੜੇ ਬੂਟਾ ਮੰਡੀ ਪਾਰਕ ਵਿੱਚ ਇਕੱਤਰ ਹੋ ਕੇ ਉਨ੍ਹਾਂ ਦੇ ਘਰ ਵੱਲ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮਾਰਚ ਤੋਂ ਪਹਿਲਾਂ ਬੂਟਾ ਮੰਡੀ ਪਾਰਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੇ ਆਗੂ ਹਰਿੰਦਰ ਦੁਸਾਂਝ, ਮਨਦੀਪ ਕੌਰ ਬਿਲਗਾ, ਗੁਰਿੰਦਰਜੀਤ ਸਿੰਘ, ਕਲਵਿੰਦਰ ਸਿੰਘ ਜੋਸ਼ਨ, ਗੁਰਮੁੱਖ ਲੋਕਪ੍ਰੇਮੀ ਅਤੇ ਮਿੱਡ-ਡੇਅ ਮੀਲ ਆਗੂ ਰਾਜਵਿੰਦਰ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮਾਣਭੱਤਾ ਵਰਕਰਾਂ, ਮਿੱਡ-ਡੇਅ ਮੀਲ ਵਰਕਰ, ਆਸ਼ਾ ਵਰਕਰਾਂ, ਆਂਗਣਵਾੜੀ, ਸਕੂਲਾਂ ਵਿੱਚ ਭਰਤੀ ਕੀਤੇ ਸਫ਼ਾਈ ਸੇਵਕ ਅਤੇ ਚੌਕੀਦਾਰ ਆਦਿ ਬਾਰੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਨਾ ਕਰ ਕੇ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੀਆਂ ਗਾਰੰਟੀਆਂ ਤੋਂ ਮੁੱਕਰ ਰਹੀ ਹੈ।
ਮੁਲਾਜ਼ਮ ਆਗੂ ਗੁਰਜੀਤ ਕੌਰ, ਕੁਲਵਿੰਦਰ ਕੌਰ ਫਗਵਾੜਾ, ਜਸਵੀਰ ਸਿੰਘ ਸੰਧੂ ਤੇ ਕੁਲਵਿੰਦਰ ਕੌਰ ਅਮਾਨਤਪੁਰ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਇਸ਼ਤਿਹਾਰ ਲਾ ਕੇ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਾ ਕਰ ਕੇ ਅਤੇ ਐੱਨ.ਪੀ.ਐੱਸ. ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਾਗੂ ਨਾ ਕਰ ਕੇ ਸਰਕਾਰ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪਰਖ ਕਾਲ ਸਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ `ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਭੱਤੇ ਸਮੇਤ ਸਮੁੱਚੇ 37 ਭੱਤੇ ਅਤੇ ਏ.ਸੀ.ਪੀ. ਬਹਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਫੈੱਡਰੇਸ਼ਨ ਵੱਲੋ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਰੈਲੀ ਨੂੰ ਮਿੱਡ-ਡੇਅ ਮੀਲ ਵਰਕਰਾਂ ਦੇ ਆਗੂ ਸੀਮਾ ਸਈਪੁਰ, ਰਾਜਵਿੰਦਰ ਕੌਰ, ਡੈਮੋਕਰੇਟਿਕ ਆਸ਼ਾ ਵਰਕਰ ਯੂਨੀਅਨ ਆਗੂ ਸੀਤਾ ਬੁਲੰਦਪੁਰ, ਕੁਲਜੀਤ ਕੌਰ ਖ਼ਾਲਸਾ, ਰਜਿੰਦਰਪਾਲ ਕੌਰ, ਹਰਵਿੰਦਰ ਕੌਰ ਕਾਲਾ ਸੰਘਿਆਂ ਤੇ ਰੇਸ਼ਮ ਕੌਰ ਪਾਸ਼ਟਾ ਨੇ ਸੰਬੋਧਨ ਕੀਤਾ।