ਪੱਤਰ ਪ੍ਰੇਰਕ
ਜਲੰਧਰ, 16 ਨਵੰਬਰ
ਜਲੰਧਰ ਦਿਹਾਤੀ ਪੁਲੀਸ ਨੇ ਤਿੰਨ ਨਸ਼ਾ ਤਸਕਰਾਂ ਅਤੇ ਇੱਕ ਪੋਕਸੋ ਕੇਸ ਦੇ ਮੁਲਜ਼ਮ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਲੰਬੇ ਸਮੇਂ ਤੋਂ ਭਗੌੜੇ ਵਿਅਕਤੀ ਨੂੰ ਵੀ ਫੜਿਆ ਹੈ। 24 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ਤੋਂ 210 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਸੀਨੀਅਰ ਪੁਲੀਸ ਕਪਤਾਨ (ਐੱਸਐੱਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਤਸਕਰੀ ਅਤੇ ਅਪਰਾਧ ਖ਼ਿਲਾਫ਼ ਮੁਹਿੰਮ ਤਹਿਤ ਪਹਿਲੀ ਕਾਰਵਾਈ ਵਿੱਚ ਸਿਟੀ ਨਕੋਦਰ ਪੁਲੀਸ ਨੇ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ ਲਿੰਕ ਰੋਡ, ਮਾਲੜੀ ਵਿੱਚ ਇੱਕ ਰਣਨੀਤਕ ਗਸ਼ਤ ਮੁਹਿੰਮ ਦੌਰਾਨ ਅਮਿਤ ਉਰਫ ਅਮਤੀ ਨੂੰ 110 ਨਸ਼ੀਲੀਆਂ ਗੋਲੀਆਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ। ਮੁਲਜ਼ਮ ਨਸ਼ਾ ਸਪਲਾਈ ਕਰਨ ਦੀ ਤਿਆਰੀ ਕਰ ਰਿਹਾ ਸੀ। ਇੰਸਪੈਕਟਰ ਅਮਨ ਸੈਣੀ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਤਲਾਸ਼ੀ ਲਈ ਤੇ ਮੁਲਜ਼ਮ ਨੂੰ ਕਾਬੂ ਕੀਤਾ। ਇੱਕ ਹੋਰ ਮਾਮਲੇ ਵਿੱਚ ਮਕਸੂਦਾਂ ਪੁਲੀਸ ਨੇ ਪਿੰਡ ਸ਼ੇਰਪੁਰ ਦੇ ਨੇੜੇ ਦੋ ਨਸ਼ਾ ਤਸਕਰਾਂ ਮੁਨੀਸ਼ ਕੁਮਾਰ ਉਰਫ਼ ਮੀਸ਼ੂ ਅਤੇ ਸੰਦੀਪ ਕੁਮਾਰ ਉਰਫ਼ ਦੀਪੀ ਨੂੰ ਗ੍ਰਿਫ਼ਤਾਰ ਕਰਕੇ 100 ਨਸ਼ੀਲੀਆਂ ਗੋਲੀਆਂ ਫੜੀਆਂ ਹਨ। ਐੱਸਐੱਸਪੀ ਨੇ ਦੱਸਿਆ ਕਿ ਨਾਬਾਲਗਾਂ ਵਿਰੁੱਧ ਅਪਰਾਧਾਂ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਦਰ ਨਕੋਦਰ ਪੁਲਸ ਨੇ ਪੋਕਸੋ ਦਾ ਮਾਮਲਾ ਦਰਜ ਹੋਣ ਦੇ 48 ਘੰਟਿਆਂ ਦੇ ਅੰਦਰ ਹੀ ਸੋਮ ਲਾਲ ਉਰਫ਼ ਸੋਢੀ ਨੂੰ ਗ੍ਰਿਫ਼ਤਾਰ ਕਰ ਲਿਆ। ਪਿੰਡ ਖੁਣਖੁਣ ਦੇ ਰਹਿਣ ਵਾਲੇ ਮੁਲਜ਼ਮ ਨੇ 8 ਨਵੰਬਰ ਨੂੰ 16 ਸਾਲਾ ਮਾਨਸਿਕ ਤੌਰ ’ਤੇ ਅਪਾਹਜ ਲੜਕੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਸੀ।